ਨਵੀਂ ਦਿੱਲੀ: ਕਾਂਗਰਸ ਪਾਰਟੀ ਵਿੱਚ ਹੁਣ ਚਿੱਠੀ ਬੰਬ ਫੁੱਟਿਆ ਹੈ। ਲਗਭਗ 23 ਤੋਂ ਵੱਧ ਆਗੂਆਂ ਨੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਬਦਲਾਅ ਦੀ ਮੰਗ ਕੀਤੀ ਹੈ। ਚਿੱਠੀ ਬੰਬ ਤੋਂ ਬਾਅਦ ਸੋਨੀਆ ਗਾਂਧੀ ਨੇ ਆਪਣਿਆਂ ਦੀ ਬਗ਼ਾਵਤ ਤੋਂ ਬਾਅਦ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਦੀ ਇੱਛਾ ਜ਼ਾਹਰ ਕੀਤੀ ਹੈ।
ਕਾਂਗਰਸ ਦੇ ਸੀਨੀਅਰ ਆਗੂ ਸਲਮਾਨ ਖੁਰਸ਼ੀਦ ਨੇ ਕਿਹਾ ਹੈ ਕਿ ਅੰਦਰੂਨੀ ਚੋਣਾਂ ਦੀ ਥਾਂ ਕਾਂਗਰਸ ਨੂੰ ਇੱਕ ਵਾਰੀ ਸਰਬਸੰਮਤੀ ਨੂੰ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਕਾਂਗਰਸੀ ਵਰਕਰਾਂ ਦਾ ਪੂਰਾ ਸਮਰਥਨ ਹਾਸਲ ਹੈ। ਉਨ੍ਹਾਂ ਕਿਹਾ ਕਿ ਕੋਈ ਫਰਕ ਨਹੀਂ ਪੈਦਾ ਹੈ ਕਿ ਰਾਹੁਲ ਗਾਂਧੀ 'ਤੇ ਪ੍ਰਧਾਨ ਦਾ ਠੱਪਾ ਲੱਗਿਆ ਹੈ ਜਾਂ ਨਹੀਂ।
ਸੂਤਰਾਂ ਅਨੁਸਾਰ, ਸੋਨੀਆ ਗਾਂਧੀ ਨੇ ਸੀਡਬਲਯੂਸੀ ਮੈਂਬਰਾਂ ਨੂੰ ਨਵੇਂ ਪਾਰਟੀ ਮੁਖੀ ਦਾ ਸੁਝਾਅ ਦੇਣ ਲਈ ਕਿਹਾ ਹੈ। ਅਗਵਾਈ ਦੇ ਮੁੱਦੇ 'ਤੇ ਸੋਮਵਾਰ ਦੀ ਮੀਟਿੰਗ ਵਿੱਚ ਆਖ਼ਰੀ ਫੈਸਲਾ ਕੀਤਾ ਜਾਵੇਗਾ। ਸੂਤਰਾਂ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਦੇ ਆਗੂ ਨਵੇਂ ਪ੍ਰਧਾਨ ਦੀ ਨਿਯੁਕਤੀ ਲਈ ਸਹਿਮਤ ਹੋਣਗੇ, ਤਾਂ ਸੋਨੀਆ ਸੋਮਵਾਰ ਅਸਤੀਫਾ ਦੇ ਸਕਦੀ ਹੈ।
ਇਸਤੋਂ ਪਹਿਲਾਂ ਸਲਮਾਨ ਖੁਰਸ਼ੀਦ ਨੇ ਕਾਂਗਰਸ ਪਾਰਟੀ ਪ੍ਰਧਾਨ ਨੂੰ ਲੈ ਕੇ ਕਾਂਗਰਸ ਕਾਰਜਸੰਮਤੀ (ਸੀਡਬਲਯੂਸੀ) ਦੀਆਂ ਚੋਣਾਂ ਕਰਵਾਉਣ ਦੀ ਮੰਗ 'ਤੇ ਇਹ ਟਿੱਪਣੀ ਕੀਤੀ ਹੈ।
ਉਨ੍ਹਾਂ ਕਿਹਾ, 'ਮੈਂ ਬਹੁਤ ਸਪੱਸ਼ਟ ਰੂਪ ਨਾਲ ਕਿਹਾ ਹੈ ਕਿ ਕਾਂਗਰਸ ਦੀ ਅਗਵਾਈ ਗਾਂਧੀ ਪਰਿਵਾਰ ਕੋਲ ਹੈ। ਕੋਈ ਵੀ ਇਸਤੋਂ ਇਨਕਾਰ ਨਹੀਂ ਕਰ ਸਕਦਾ, ਇਥੋਂ ਤੱਕ ਕਿ ਵਿਰੋਧੀ ਵੀ ਇਸਤੋਂ ਇਨਕਾਰ ਨਹੀਂ ਕਰ ਸਕਦਾ। ਮੈਂ ਇੱਕ ਅਜਿਹਾ ਆਗੂ ਹੋਣ ਨਾਲ ਕਾਫੀ ਖ਼ੁਸ਼ ਹਾਂ, ਮੈਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ ਕਿ ਸਾਡੇ ਕੋਲ ਰਾਸ਼ਟਰਪਤੀ ਹੈ ਜਾਂ ਨਹੀਂ।'
ਇਸਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਾਂਗਰਸ ਵਿੱਚ ਗਾਂਧੀ ਪਰਿਵਾਰ ਦੀ ਅਗਵਾਈ ਨੂੰ ਚੁਨੌਤੀ ਦੇਣ ਦੇ ਕੁੱਝ ਪਾਰਟੀ ਆਗੂਆਂ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਹੈ। ਅਮਰਿੰਦਰ ਨੇ ਕਿਹਾ ਸੋਨੀਆ ਗਾਂਧੀ ਜਦੋਂ ਤੱਕ ਚਾਹੁਣ, ਪ੍ਰਧਾਨ ਬਣੇ ਰਹਿਣ। ਉਪਰੰਤ ਰਾਹੁਲ ਗਾਂਧੀ ਨੂੰ ਕਮਾਨ ਸੰਭਾਲਣੀ ਚਾਹੀਦੀ ਹੈ, ਜੋ ਪੂਰੀ ਤਰ੍ਹਾਂ ਸਮਰੱਥ ਹੈ।