ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਨਵੀਂ ਦਿੱਲੀ ਵਿਖੇ ਆਪਣੀ ਪਾਰਟੀ ਦੇ ਨੇਤਾਵਾਂ ਤੋਂ ਇਲਾਵਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਤੇ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵਫ਼ਦ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਕੀ ਅਗਵਾਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ। ਜਾਣਕਾਰੀ ਮੁਤਾਬਕ ਵਫ਼ਦ ਨੇ ਸਿੱਖ ਮੁੱਦਿਆਂ ਤੇ ਸਰਹੱਦੋਂ ਪਾਰ ਘੱਟ ਗਿਣਤੀਆਂ ਨਾਲ ਹੋ ਰਹੇ ਜ਼ੁਲਮ ਨੂੰ ਲੈ ਕੇ ਸ਼ਾਹ ਨਾਲ ਚਰਚਾ ਕੀਤੀ।
ਇਹ ਮੁਲਾਕਾਤ ਸ਼ਾਮ 6.30 ਵਜੇ ਰਾਸ਼ਟਰੀ ਰਾਜਧਾਨੀ ਵਿੱਚ ਗ੍ਰਹਿ ਮੰਤਰੀ ਦੀ ਰਿਹਾਇਸ਼ 'ਤੇ ਹੋਈ ਅਤੇ ਨੇਤਾਵਾਂ ਨੇ ਸਿੱਖ ਕੌਮ ਨਾਲ ਸਬੰਧਤ ਮੁੱਦਿਆਂ 'ਤੇ ਹੋਰ ਗੱਲਾਂ ਵੀ ਵਿਚਾਰੀਆਂ। ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚੌਥੀ ਜਨਮ ਸ਼ਤਾਬਦੀ ਮਨਾਉਣ ਨੂੰ ਲੈ ਕੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਸ਼ਾਹ ਨਾਲ ਮਿਲ ਕੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫੀ ਲਈ ਪੈਰਵੀ ਕੀਤੀ ਤੇ ਨਾਲ ਹੀ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਏ ਹਮਲੇ 'ਤੇ ਇੱਕ ਸਿੱਖ ਨੌਜਵਾਨ ਦੇ ਕਤਲ ਬਾਰੇ ਗੱਲ ਕੀਤੀ ਗਈ ਹੈ।
ਇਸ ਵਫ਼ਦ 'ਚ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸੁਖਬੀਰ ਸਿੰਘ ਬਾਦਲ, ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਭੂੰਦੜ, ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਮਨਜਿੰਦਰ ਸਿੰਘ ਸਿਰਸਾ, ਨਰੇਸ਼ ਗੁਜਰਾਲ, ਮਹੇਸ਼ ਇੰਦਰ ਗਰੇਵਾਲ, ਸ਼ਾਮਿਲ ਹਨ।