ਔਰੰਗਾਬਾਦ: ਮਹਾਰਾਸ਼ਟਰ ਦੇ ਨਾਂਦੇੜ ਵਿੱਚ ਲੰਗਰ ਸਾਹਿਬ ਵਿੱਚ ਫਸੇ 200 ਤੋਂ ਵੱਧ ਸ਼ਰਧਾਲੂਆਂ ਨੂੰ ਕੋਰੋਨਾ ਵਾਇਰਸ ਟੈਸਟ ਕਰਨ ਤੋਂ ਬਾਅਦ ਉਨ੍ਹਾਂ ਦੇ ਰਾਜਾਂ ਵਿੱਚ ਵਾਪਸ ਭੇਜਿਆ ਜਾਵੇਗਾ। ਜ਼ਿਲ੍ਹਾ ਕਲੈਕਟਰ ਵੀਪੀਨ ਈਤੰਕਰ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਕੁੱਝ ਦਿਨ ਪਹਿਲਾਂ ਮਸ਼ਹੂਰ ਗੁਰੂਦੁਆਰਾ ਹਜ਼ੂਰ ਸਾਹਿਬ ਅਤੇ ਲੰਗਰ ਸਾਹਿਬ ਨੂੰ ਸੀਲ ਕਰ ਦਿੱਤਾ ਗਿਆ ਸੀ, ਜਦੋਂ ਦੋਹਾਂ ਥਾਵਾਂ ਤੋਂ ਪਰਤੇ ਬਹੁਤ ਸਾਰੇ ਸ਼ਰਧਾਲੂ ਪੰਜਾਬ ਵਿੱਚ ਕੀਤੇ ਗਏ ਟੈਸਟਾਂ ਦੌਰਾਨ ਇਸ ਵਾਇਰਸ ਨਾਲ ਸੰਕਰਮਿਤ ਪਾਏ ਗਏ ਸਨ। ਜ਼ਿਲ੍ਹਾ ਕਲੈਕਟਰ ਨੇ ਕਿਹਾ, "ਲਗਭਗ 225 ਸ਼ਰਧਾਲੂ ਲੰਗਰ ਸਾਹਿਬ ਵਿੱਚ ਫਸੇ ਹੋਏ ਹਨ। ਉਹ ਉੱਤਰ ਪ੍ਰਦੇਸ਼, ਹਰਿਆਣਾ ਅਤੇ ਕੁਝ ਹੋਰ ਰਾਜਾਂ ਦੇ ਹਨ। ਅਸੀਂ ਉਨ੍ਹਾਂ ਦਾ ਕੋਰੋਨ ਵਾਇਰਸ ਲਈ ਟੈਸਟ ਕਰ ਰਹੇ ਹਾਂ ਅਤੇ ਹੁਣ ਤੱਕ ਅਸੀਂ 110 ਸੈਂਪਲ ਇਕੱਠੇ ਕੀਤੇ ਹਨ।"
ਉਨ੍ਹਾਂ ਕਿਹਾ, "ਸੱਤ ਰਿਪੋਰਟਾਂ ਦੇ ਨਤੀਜੇ ਸਕਾਰਾਤਮਕ ਆਏ ਹਨ। ਨਤੀਜਿਆਂ ਦੇ ਅਧਾਰ 'ਤੇ ਇਨ੍ਹਾਂ ਸਾਰਿਆਂ ਨੂੰ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ, ਬਸ਼ਰਤੇ ਉਨ੍ਹਾਂ ਦੇ ਗ੍ਰਹਿ ਰਾਜਾਂ ਵਿੱਚ ਦਾਖ਼ਲ ਹੋਣ ਦੀ ਆਗਿਆ ਦਿੱਤੀ ਜਾਵੇ।" ਉਨ੍ਹਾਂ ਅੱਗੇ ਕਿਹਾ,"ਇਸ ਪ੍ਰਕਿਰਿਆ ਵਿੱਚ ਇੱਕ ਜਾਂ ਦੋ ਦਿਨ ਲੱਗ ਸਕਦੇ ਹਨ। ਅਸੀਂ ਲੰਗਰ ਸਾਹਿਬ ਦੀ ਇਮਾਰਤ ਨੂੰ ਲਾਗ ਵਾਲੇ ਲੋਕਾਂ ਦਾ ਇਲਾਜ ਕਰਨ ਲਈ ਇੱਕ ਕੋਵਿਡ ਕੇਅਰ ਸੈਂਟਰ ਵਿੱਚ ਬਦਲ ਦਿੱਤਾ ਹੈ।"ਈਤੰਕਰ ਨੇ ਦੱਸਿਆ ਕਿ ਇਸ ਸਮੇਂ ਨਾਂਦੇੜ ਜ਼ਿਲ੍ਹੇ ਵਿੱਚ ਕੋਵਿਡ-19 ਦੇ 51 ਮਰੀਜ਼ ਹਨ ਅਤੇ ਦੋ ਕੋਰੋਨਾ ਪੌਜ਼ੀਟਿਵ ਲਾਪਤਾ ਹਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।