ਚੇਨੱਈ: ਡੀ.ਐੱਮ.ਕੇ. ਦੇ ਪ੍ਰਧਾਨ ਐੱਮ.ਕੇ. ਸਟਾਲਿਨ ਨੇ ਸੋਮਵਾਰ ਨੂੰ ਕਿਹਾ ਕਿ ਜਦੋਂ ਦੀ ਬੀਜੇਪੀ ਸਰਕਾਰ ਸੱਤਾ ਵਿੱਚ ਆਈ ਹੈ, ਉਸ ਸਮੇਂ ਤੋਂ ਹੀ ਰਾਖਵਾਂਕਰਨ ਦੀ ਨੀਤੀ ਖ਼ਤਰੇ ਵਿੱਚ ਹੈ।
ਦ੍ਰਾਵਿੜ ਪਾਰਟੀ ਦੇ ਮੁਖੀ ਨੇ ਭਗਵਾ ਪਾਰਟੀ 'ਤੇ ਹਮਲਾ ਬੋਲਦੇ ਹੋਏ ਆਖਿਆ ਕਿ ਸੰਘ ਪਰਿਵਾਰ ਦੀਆਂ ਸੰਸਥਾਵਾਂ ਵਿੱਚੋਂ ਆਉਣ ਵਾਲੇ ਆਗੂ ਅਤੇ ਮੰਤਰੀ ਰਾਖਵਾਂਕਰਨ ਦੇ ਖ਼ਿਲਾਫ ਬੋਲ ਰਹੇ ਹਨ। ਜਿਸ ਨਾਲ ਦੇਸ਼ ਵਿੱਚ ਭੰਬਲਭੂਸੇ ਦੀ ਸਥਿਤੀ ਪੈਦਾ ਹੋ ਰਹੀ ਹੈ, ਇਸ ਚੀਜ਼ ਨੇ ਦੇਸ਼ ਨੂੰ ਇੱਕ ਸਖ਼ਤ ਸਥਿਤੀ ਵਿੱਚ ਪਹੁੰਚਾ ਦਿੱਤਾ ਹੈ।
ਸਟਾਲਿਨ ਨੇ ਆਪਣੇ ਇੱਕ ਫੇਸਬੁੱਕ ਪੋਸਟ ਵਿੱਚ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੋਏ ਆਖਿਆ ਕਿ ਸਰਕਾਰ, ਪਿਛੜੇ, ਅਤਿ ਪਿਛੜੇ, ਅਣਸੂਚਿਤ ਜਾਤੀਆਂ ਅਤੇ ਅਣਸੂਚਿਤ ਕਬੀਲਿਆਂ ਨੂੰ ਸੁਰੱਖਿਆ ਦੇਵੇ ਅਤੇ ਸਮਾਜਿਕ ਨਿਆਂ ਨੂੰ ਯਕੀਨੀ ਬਣਾਏ।
ਸਟਾਲਿਨ ਦਾ ਇਹ ਬਿਆਨ ਸਰਵਉੱਚ ਅਦਾਲਤ ਦੇ ਉਸ ਫੈਸਲੇ ਤੋਂ ਬਾਅਦ ਆਇਆ ਹੈ, ਜਿਸ ਵਿੱਚ ਅਦਾਲਤ ਨੇ ਕਿਹਾ ਸੀ ਕਿ ਸੂਬਾ ਸਰਕਾਰਾਂ ਕਿਸੇ ਨਿਯੁਕਤੀ ਵੇਲੇ ਰਾਖਵਾਂਕਰਨ ਦੇਣ ਲਈ ਪਾਬੰਦ ਨਹੀਂ ਹਨ ਅਤੇ ਤਰੱਕੀਆਂ ਵਿੱਚ ਕੋਟੇ ਦਾ ਦਾਅਵਾ ਕਰਨ ਦਾ ਕੋਈ ਬੁਨਿਆਦੀ ਅਧਿਕਾਰ ਨਹੀਂ ਹੈ।