ਨਵੀਂ ਦਿੱਲੀ: ਪਾਕਿਸਤਾਨ ਵਿੱਚ ਕੁੱਝ ਦਿਨ ਪਹਿਲਾਂ ਜਿਸ ਸਿੱਖ ਕੁੜੀ ਦਾ ਜਬਰਨ ਧਰਮ ਪਰਿਵਰਤਨ ਕਰਵਾ ਕੇ ਨਿਕਾਹ ਕਰਵਾਇਆ ਗਿਆ ਸੀ ਉਹ ਕੁੜੀ ਆਪਣੇ ਘਰ ਵਾਪਸ ਪਰਤ ਆਈ ਹੈ। ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਕੁੜੀ ਨੂੰ ਲਾਹੌਰ ਦੇ ਰਾਜਪਾਲ ਦੀ ਮੌਜੂਦਗੀ 'ਚ ਮਾਪਿਆਂ ਦੇ ਹਵਾਲੇ ਕੀਤਾ ਗਿਆ।
ਦੱਸਣਯੋਗ ਹੈ ਕਿ 19 ਸਾਲਾ ਸਿੱਖ ਕੁੜੀ ਗੁਰਦੁਆਰਾ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਗਵਾਨ ਸਿੰਘ ਦੀ ਧੀ ਹੈ। ਉਸ ਦੇ ਪਰਿਵਾਰ ਅਤੇ ਸਿੱਖ ਭਾਈਚਾਰੇ ਨੇ ਦੋਸ਼ ਲਗਾਏ ਸਨ ਕਿ ਮੁਸਲਿਮ ਨੌਜਵਾਨਾ ਨੇ ਬੰਦੂਕ ਦੀ ਨੋਕ 'ਤੇ ਸਿੱਖ ਕੁੜੀ ਦਾ ਜਬਰਨ ਧਰਮ ਪਰਿਵਰਤਨ ਕਰਵਾ ਕੇ ਉਸ ਨਾਲ ਜਬਰਨ ਨਿਕਾਹ ਕੀਤਾ ਹੈ। ਪਰਿਵਾਰ ਅਤੇ ਸਿੱਖ ਭਾਈਚਾਰੇ ਨੇ ਪੁਲਿਸ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਸ਼ਿਕਾਇਤ ਦਰਜ ਕਰਵਾਏ ਜਾਣ ਦੇ ਬਾਵਜੂਦ ਦੋਸ਼ੀਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਹੈ ਪੂਰਾ ਮਾਮਲਾ
ਜਾਣਕਾਰੀ ਮੁਤਾਬਕ ਇਹ ਘਟਨਾ 27 ਅਗਸਤ ਦੀ ਹੈ, ਦੇਰ ਰਾਤ ਕੁਝ ਲੋਕ ਹੈੱਡ ਗ੍ਰੰਥੀ ਭਗਵਾਨ ਸਿੰਘ ਦੇ ਘਰ ਦਾਖਲ ਹੋਏ ਅਤੇ ਬੰਦੂਕ ਦੀ ਨੋਕ 'ਤੇ ਜਬਰਨ ਕੁੜੀ ਨੂੰ ਆਪਣੇ ਨਾਲ ਲੈ ਗਏ। ਪਰਿਵਾਰ ਦਾ ਕਹਿਣਾ ਸੀ ਕਿ ਪੁਲਿਸ 'ਚ ਮਾਮਲਾ ਦਰਜ ਕਰਵਾਉਣ ਤੋਂ ਬਾਅਦ ਲਗਾਤਾਰ ਮੁਲਜ਼ਮਾਂ ਵੱਲੋਂ ਉਨ੍ਹਾਂ ਨੂੰ ਕੇਸ ਵਾਪਸ ਲੈਣ ਲਈ ਧਮਕੀਆਂ ਮਿਲ ਰਹੀਆਂ ਸਨ। ਦੂਜੇ ਪਾਸੇ ਇਸ ਘਟਨਾ ਦੇ ਇੱਕ ਦਿਨ ਬਾਅਦ ਹੀ ਸਿੱਖ ਕੁੜੀ ਅਤੇ ਇੱਕ ਮੁਸਲਿਮ ਨੌਜਵਾਨ ਦੀ ਵੀਡੀਓ ਵਾਇਰਲ ਹੋਈ, ਜਿਸ 'ਚ ਇਹ ਦਾਅਵਾ ਕੀਤਾ ਗਿਆ ਕਿ ਉਸ ਕੁੜੀ ਨੇ ਆਪਣਾ ਧਰਮ ਬਦਲ ਕੇ ਮੁਸਲਿਮ ਮੁੰਡੇ ਨਾਲ ਨਿਕਾਹ ਕੀਤਾ ਹੈ। ਇਸ ਮਾਮਲੇ ਨੂੰ ਲੈ ਕੇ ਕਾਫ਼ੀ ਵਿਵਾਦ ਵੀ ਹੋਇਆ ਸੀ।
ਪਾਕਿ ਸਰਕਾਰ ਨੇ ਦਿੱਤੇ ਸੀ ਜਾਂਚ ਦੇ ਹੁਕਮ
ਸਿੱਖ ਕੁੜੀ ਨੂੰ ਜਬਰੀ ਇਸਲਾਮ ਕਬੂਲ ਕਰਵਾਉਣ ਦੇ ਮਾਮਲੇ ਵਿੱਚ ਪਾਕਿਸਤਾਨ ਸਰਕਾਰ ਨੇ ਜਾਂਚ ਦੇ ਹੁਕਮ ਜਾਰੀ ਕੀਤੇ ਸਨ। ਇਸ ਉੱਤੇ ਕਾਰਵਾਈ ਕਰਦਿਆ ਨਨਕਾਨਾ ਸਾਹਿਬ ਦੀ ਪੁਲਿਸ ਨੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪਾਕਿਸਤਾਨ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਗਏ ਸੀ।
ਕੈਪਟਨ ਨੇ ਕੀਤੀ ਸੀ ਕਾਰਵਾਈ ਦੀ ਮੰਗ
ਇਸ ਮਾਮਲੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣਾ ਗੁੱਸਾ ਜ਼ਾਹਿਰ ਕੀਤਾ ਸੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸ ਘਟਨਾ ਪ੍ਰਤੀ ਫੌਰਨ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ, ਕੈਪਟਨ ਨੇ ਕੇਂਦਰ ਸਰਕਾਰ ਨੂੰ ਦਖ਼ਲ ਦੇਣ ਲਈ ਵੀ ਕਿਹਾ ਸੀ।
ਸੋਮਵਾਰ ਨੂੰ ਸਿੱਖ ਕੁੜੀ ਨੂੰ ਸੁਰੱਖਿਆ ਕਾਰਨਾਂ ਕਰਕੇ ਵਿਸ਼ੇਸ਼ ਨਿਆਇਕ ਮੈਜਿਸਟ੍ਰੇਟ ਸਾਹਮਣੇ ਪੇਸ਼ ਨਹੀਂ ਕੀਤਾ ਗਿਆ ਸੀ। ਮੰਗਲਵਾਰ ਨੂੰ ਕੁੜੀ ਨੂੰ ਲਾਹੌਰ ਦੇ ਰਾਜਪਾਲ ਦੀ ਮੌਜੂਦਗੀ 'ਚ ਦੋਹਾਂ ਪਰਿਵਾਰਾਂ ਦੀ ਸਹਿਮਤੀ ਨਾਲ ਉਸ ਦੇ ਮਾਪਿਆਂ ਹਵਾਲੇ ਕਰ ਦਿੱਤਾ।