ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਬਲਾਤਕਾਰ ਮਾਮਲਿਆਂ 'ਤੇ ਕੀਤੀ ਗਈ ਟਿੱਪਣੀ ‘ਮੇਕ ਇਨ ਇੰਡੀਆ’ ਦੀ ਥਾਂ ‘ਰੇਪ ਇਨ ਇੰਡੀਆ’ ਨੂੰ ਲੈ ਕੇ ਘਿਰਦੇ ਨਜ਼ਰ ਆ ਰਹੇ ਹਨ। ਲੋਕ ਸਭਾ ਵਿੱਚ ਅੱਜ ਰਾਹੁਲ ਗਾਂਧੀ ਦੇ ਇਸ ਬਿਆਨ ਨੂੰ ਲੈ ਕੇ ਖੂਬ ਹੰਗਾਮਾ ਹੋਇਆ। ਸ਼ੁੱਕਰਵਾਰ ਨੂੰ ਭਾਜਪਾ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰ ਕੇ ਜਦੋਂ ਮੁੜ ਸ਼ੁਰੂ ਕੀਤੀ ਗਈ, ਤਾਂ ਭਾਜਪਾ ਮਹਿਲਾ ਸੰਸਦ ਮੈਂਬਰਾਂ ਦਾ ਹੰਗਾਮਾ ਜਾਰੀ ਰਿਹਾ। ਭਾਜਪਾ ਦੇ ਮੰਤਰੀਆਂ ਨੇ ਮੰਗ ਕੀਤੀ ਕਿ ਰਾਹੁਲ ਗਾਂਧੀ ਦੇਸ਼ ਤੋਂ ਮਾਫ਼ੀ ਮੰਗਣ। ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਆਗੂ ਨੇ ਅਜਿਹਾ ਬਿਆਨ ਦਿੱਤਾ ਹੈ। ਇਹ ਭਾਰਤ ਦੀਆਂ ਔਰਤਾਂ 'ਤੇ ਦੇਸ਼ ਦਾ ਅਪਮਾਨ ਹੈ। ਰਾਹੁਲ ਗਾਂਧੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।
ਰਾਹੁਲ ਨੇ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ
ਉੱਥੇ ਹੀ ਦੂਜੇ ਪਾਸੇ ਰਾਹੁਲ ਗਾਂਧੀ ਨੇ ਆਪਣੇ ਦਿੱਤੇ ਗਏ ਇਸ ਬਿਆਨ 'ਤੇ ਮਾਫ਼ੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਇਸ ਲਈ ਕਦੇ ਮੁਆਫੀ ਨਹੀਂ ਮੰਗਾਂਗਾ।
ਦਰਅਸਲ, ਝਾਰਖੰਡ ਦੇ ਗੋਡਾ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ, 'ਮੇਕ ਇਨ ਇੰਡੀਆ', ਪਰ ਜਿਥੇ ਵੀ ਤੁਸੀਂ ਦੇਖੋਗੇ, 'ਰੇਪ ਇਨ ਇੰਡੀਆ' ਦਿਖਾਈ ਦਿੰਦਾ ਹੈ। ਉਤਰ ਪ੍ਰਦੇਸ਼ ਵਿੱਚ ਨਰਿੰਦਰ ਮੋਦੀ ਦਾ ਵਿਧਾਇਕ ਮਹਿਲਾ ਨਾਲ ਰੇਪ ਕਰਦਾ ਹੈ, 'ਤੇ ਮੋਦੀ ਇਸ 'ਤੇ ਕੁਝ ਵੀ ਨਹੀਂ ਕਹਿੰਦੇ।