ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਦਾ ਜ਼ਿਕਰ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਮੁਸਲਮਾਨ ਜਿਗਰ ਦਾ ਟੁਕੜਾ ਹਨ ਅਤੇ ਫਿਰਕੂ ਰਾਜਨੀਤੀ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।
ਰੱਖਿਆ ਮੰਤਰੀ ਨੇ ਸਮਾਚਾਰ ਏਜੰਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਸ ਗੱਲ ਨੂੰ ਖ਼ਾਰਜ ਕੀਤਾ ਕਿ ਮੋਦੀ ਸਰਕਾਰ ਧਾਰਮਕ, ਘੱਟ ਗਿਣਤੀ ਦੇ ਖਿਲਾਫ਼ ਹੈ। ਉਨ੍ਹਾਂ ਨੇ ਮੇਰਠ ਅਤੇ ਮੇਂਗਲੁਰੂ ਵਿੱਚ ਆਪਣੀਆਂ ਦੋ ਵਿਸ਼ਾਲ ਰੈਲੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ, "ਮੈਂ ਪਹਿਲਾਂ ਵੀ ਆਪਣੀ ਮੇਰਠ ਅੇਤ ਮੇਂਗਲੁਰੂ ਦੀ ਰੈਲੀਆਂ ਵਿੱਚ ਕਿਹਾ ਹੈ ਕਿ ਮੁਸਲਮਾਨ ਭਾਰਤ ਦਾ ਨਾਗਰਿਕ ਅਤੇ ਸਾਡਾ ਭਰਾ ਹੈ। ਉਹ ਸਾਡੇ ਜਿਗਰ ਦਾ ਟੁਕੜਾ ਹਨ।"
ਸਿੰਘ ਨੇ ਕਿਹਾ ਕਿ ਪੀਐਮ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਸ਼ੁਰੂ ਤੋਂ ਹੀ ਮੁਸਲਮ ਨਾਗਰਿਕਾਂ ਅੰਦਰੋਂ ਡਰ ਹਟਾਉਣ ਅਤੇ ਉਨ੍ਹਾਂ ਅੰਦਰ ਆਤਮ ਵਿਸ਼ਵਾਸ ਭਰਨ ਦੀ ਕੋਸ਼ਿਸ਼ ਕੀਤੀ ਹੈ।
ਰੱਖਿਆ ਮੰਤਰੀ ਨੇ ਕਿਹਾ, "ਕੁਝ ਤਾਕਤਾਂ ਹਨ ਜੋ ਉਨ੍ਹਾਂ ਨੂੰ ਗੁੰਮਰਾਹ ਕਰ ਰਹੀਆਂ ਹਨ, ਪਰ ਭਾਜਪਾ ਕਿਸੇ ਵੀ ਸਥਿਤੀ ਵਿੱਚ ਭਾਰਤ ਦੀ ਘੱਟ ਗਿਣਤੀ ਦੇ ਖਿਲਾਫ਼ ਨਹੀਂ ਜਾ ਸਕਦੀ। ਪੀਐਮ ਮੋਦੀ ਨੇ ਤਾਂ ਸ਼ੁਰੂ ਤੋਂ ਹੀ ਸਬਕਾ ਸਾਥ, ਸਬਕਾ ਵਿਕਾਸ ਵਾਲਾ ਨਾਅਰਾ ਦਿੱਤਾ ਹੈ।"
ਉਨ੍ਹਾਂ ਕਿਹਾ, "ਜਾਤੀ, ਧਰਮ ਅਤੇ ਰੰਗ ਦੇ ਆਧਾਰ ਤੇ ਭੇਦ ਭਾਵ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ, ਅਸੀਂ ਇਸ ਬਾਰੇ ਸੋਚ ਵੀ ਨਹੀਂ ਸਕਦੇ।"
ਫਿਰਕੂ ਰਾਜਨੀਤੀ ਕਰਨ ਵਾਲੇ ਨੇਤਾਵਾਂ ਨੂੰ ਚੇਤਾਵਨੀ ਦਿੰਦੇ ਹੋਏ ਸਿੰਘ ਨੇ ਕਿਹਾ ਕਿ ਰਾਜਨੀਤੀ ਮਹਿਜ਼ ਵੋਟਾਂ ਵਟੋਰਨ ਲਈ ਨਹੀਂ ਸਗੋਂ ਰਾਸ਼ਟਰ ਦੇ ਨਿਰਮਾਣ ਲਈ ਕਰਨੀ ਚਾਹੀਦੀ ਹੈ।