ਚੰਡੀਗੜ੍ਹ: ਆਲ ਇੰਡੀਆ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਵਿੱਚ ਫੇਰਬਦਲ ਕੀਤਾ ਗਿਆ ਹੈ। ਰਾਹੁਲ ਗਾਂਧੀ ਦਾ 2 ਅਕਤੂਬਰ ਨੂੰ ਪੰਜਾਬ ਆਉਣਾ ਮੁਸ਼ਕਿਲ ਹੋ ਗਿਆ ਹੈ, ਜਿਸ ਕਰਕੇ ਹੁਣ ਰਾਹੁਲ 3 ਅਕਤੂਬਰ ਤਰੀਕ ਨੂੰ ਪੰਜਾਬ ਆਉਣਗੇ।
ਰਾਹੁਲ ਗਾਂਧੀ ਦਾ ਪੰਜਾਬ ਆਉਣ ਦਾ ਪ੍ਰੋਗਰਾਮ ਹਾਥਰਸ ਦੇ ਮਾਮਲੇ ਕਾਰਨ ਬਦਲਿਆ ਹੈ। ਇਸ ਲਈ ਹੁਣ ਰਾਹੁਲ ਗਾਂਧੀ 3 ਅਕਤੂਬਰ ਨੂੰ ਪੰਜਾਬ ਆਉਣਗੇ ਤੇ ਟਰੈਕਟਰ ਰੈਲੀ ਦੀ ਸ਼ੁਰੂਆਤ ਕਰਨਗੇ। ਪਹਿਲੇ ਦਿਨ 3 ਅਕਤੂਬਰ ਨੂੰ ਰਾਹੁਲ ਗਾਂਧੀ ਦੀ ਰੈਲੀ ਜ਼ਿਲ੍ਹਾ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਪਿੰਜ ਬੱਧਣੀ ਕਲਾਂ ਤੋਂ ਸ਼ੁਰੂ ਹੋਵੇਗੀ ਤੇ ਰਾਏਕੋਟ ਵਿੱਚ ਜੱਟਪੁਰਾ ਵਿਖੇ ਖ਼ਤਮ ਹੋਵੇਗੀ।
ਦੂਜੇ ਦਿਨ 4 ਅਕਤੂਬਰ ਨੂੰ ਰਾਹੁਲ ਗਾਂਧੀ ਦੀ ਰੈਲੀ ਸੰਗਰੂਰ ਤੋਂ ਹੁੰਦੀ ਹੋਈ ਭਵਾਨੀਗੜ੍ਹ ਪੁੱਜੇਗੀ ਤੇ ਤੀਜੇ ਦਿਨ 5 ਅਕਤੂਬਰ ਨੂੰ ਰਾਹੁਲ ਗਾਂਧੀ ਦੀ ਰੈਲੀ ਪਟਿਆਲਾ ਤੋਂ ਸ਼ੁਰੂ ਹੋਵੇਗੀ ਤੇ ਇੱਥੋਂ ਰਾਹੁਲ ਗਾਂਧੀ ਦੇ ਹਰਿਆਣਾ ਦੇ ਪ੍ਰੋਗਰਾਮ ਸ਼ੁਰੂ ਹੋਣਗੇ।
ਰਾਹੁਲ ਗਾਂਧੀ ਦੀ ਟਰੈਟਕਰ ਰੈਲੀ ਕੋਰੋਨਾ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਕੱਢੀ ਜਾਵੇਗੀ। ਇਨ੍ਹਾਂ ਰੈਲੀਆਂ ਵਿੱਚ ਰਾਹੁਲ ਗਾਂਧੀ ਖੇਤੀ ਬਿੱਲਾਂ ਖ਼ਿਲਾਫ਼ ਆਪਣਾ ਰੋਸ ਜ਼ਾਹਰ ਕਰਨਗੇ।