ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ। ਇਸ ਦੇ ਨਾਲ ਹੀ ਰਾਸ਼ਟਰਪਤੀ ਦਫ਼ਤਰ ਨੇ ਟਵੀਟ ਕਰ ਕੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਹੁੰ–ਚੁਕਾਈ ਦੀ ਰਸਮ ਦੀ ਤਰੀਕ ਦੱਸਣ ਲਈ ਕਹਿ ਦਿੱਤਾ ਗਿਆ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ ਮੰਤਰੀਆਂ ਦੇ ਨਾਵਾਂ ਦੀ ਸੂਚੀ ਵੀ ਮੰਗੀ ਗਈ ਹੈ। ਦੱਸ ਦਈਏ, ਸਹੁੰ–ਚੁਕਾਈ ਦੀ ਰਸਮ ਰਾਸ਼ਟਰਪਤੀ ਭਵਨ ਵਿਖੇ ਹੋਵੇਗੀ। ਇਸ ਤੋਂ ਪਹਿਲਾਂ ਉਹ ਆਪਣੀ ਮਾਂ ਦਾ ਆਸ਼ੀਰਵਾਦ ਲੈਣ ਲਈ ਗੁਜਰਾਤ ਜਾਣਗੇ।
ਭਾਜਪਾ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ (NDA) ਦੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੀ ਇੱਕ ਮੀਟਿੰਗ ਸੰਸਦ ਦੇ ਸੈਂਟਰਲ ਹਾਲ ਵਿੱਚ ਹੋਈ। ਇਸ ਮੀਟਿੰਗ ’ਚ ਰਸਮੀ ਤੌਰ ’ਤੇ ਪ੍ਰਧਾਨ ਮੰਤਰੀ ਨੂੰ ਐੱਨਡੀਏ (NDA) ਦਾ ਨੇਤਾ ਚੁਣਿਆ ਗਿਆ। ਇਸ ਦੇ ਨਾਲ ਹੀ ਸਰਕਾਰ ਦੇ ਗਠਨ ਵੱਲ ਅੱਗੇ ਵਧਣ ਦਾ ਕਦਮ ਚੁੱਕਿਆ ਗਿਆ। ਮੋਦੀ ਨੂੰ ਆਗੂ ਚੁਣਨ ਦਾ ਐਲਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕੀਤਾ।
ਇਹ ਮੀਟਿੰਗ ਸ਼ਾਮ 5 ਵਜੇ ਸ਼ੁਰੂ ਹੋਈ ਸੀ ਤੇ ਮੀਟਿੰਗ ਲਈ ਐੱਨਡੀਏ ਦੇ ਸਾਰੇ ਸੰਸਦ ਮੈਂਬਰ ਸੈਂਟਰਲ ਹਾਲ ’ਚ ਪੁੱਜੇ ਸਨ। ਇਸ ਤੋਂ ਇਲਾਵਾ ਮਥੁਰਾ ਤੋਂ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ, ਗੁਰਦਾਸਪੁਰ ਤੋਂ ਜਿੱਤੇ ਸੰਸਦ ਮੈਂਬਰ ਸੰਨੀ ਦਿਓਲ, ਚੰਡੀਗੜ੍ਹ ਤੋਂ ਭਾਜਪਾ ਐੱਮਪੀ ਕਿਰਨ ਖੇਰ ਤੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਵੀ ਮੀਟਿੰਗ 'ਚ ਸ਼ਿਰਕਤ ਕੀਤੀ।
ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਨੂੰ ਪਹਿਲਾਂ ਹੀ ਐੱਨਡੀਏ ਦਾ ਆਗੂ ਐਲਾਨ ਦਿੱਤਾ ਸੀ, ਅਜਿਹੇ ਹਾਲਾਤਾਂ 'ਚ ਇਸ ਮੀਟਿੰਗ ਨੂੰ ਇੱਕ ਤਰ੍ਹਾਂ ਰਸਮੀ ਕਾਰਵਾਈ ਮੰਨਿਆ ਜਾ ਰਿਹਾ ਹੈ। ਭਾਜਪਾ ਨੇ 302 ਸੀਟਾਂ ਤੋਂ ਜਿੱਤ ਹਾਸਲ ਕੀਤੀ ਤੇ ਐੱਨਡੀਏ ਨੇ 350 ਸੀਟਾਂ ਜਿੱਤੀਆਂ ਹਨ।