ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਸਾਬਕਾ ਸੀਜੇਆਈ ਰੰਜਨ ਗੋਗੋਈ 17 ਨਵੰਬਰ ਨੂੰ ਸੇਵਾ ਮੁਕਤ ਹੋਏ ਸਨ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਦਹਾਕਿਆਂ ਤੋਂ ਪੁਰਾਣੇ ਚੱਲ ਰਹੇ ਕੇਸ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ 'ਤੇ ਇਤਿਹਾਸਕ ਫੈਸਲਾ ਦਿੱਤਾ ਸੀ। ਸਾਬਕਾ ਚੀਫ਼ ਜਸਟਿਸ ਗੋਗੋਈ ਦਾ ਸੁਪਰੀਮ ਕੋਰਟ ਵਿੱਚ ਕਾਰਜਕਾਲ 13 ਮਹੀਨੇ ਰਿਹਾ।
ਇਸ ਤੋਂ ਇਲਾਵਾ ਉਨ੍ਹਾਂ ਨੇ ਚੀਫ਼ ਜਸਟਿਸ ਦਾ ਕਾਰਜ਼ਕਾਲ ਆਰਟੀਆਈ ਦੇ ਦਾਅਰੇ 'ਚ ਲਿਆਉਣ, ਸਬਰੀਮਾਲਾ ਮੰਦਰ ਅਤੇ ਰਾਫੇਲ ਲੜਾਕੂ ਜਹਾਜ਼ ਸੌਦੇ 'ਤੇ ਫ਼ੈਸਲਾ ਦਿੱਤਾ ਸੀ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ 47 ਫੈਸਲੇ ਸੁਣਾਏ ਸਨ।
17 ਨਵੰਬਰ ਨੂੰ ਸੇਵਾਮੁਕਤ ਹੋਏ ਚੀਫ਼ ਜਸਟਿਸ ਆਫ਼ ਇੰਡੀਆ (ਸੀਜੇਆਈ) ਰੰਜਨ ਗੋਗੋਈ ਨੇ 15 ਨਵੰਬਰ ਨੂੰ ਆਖ਼ਰੀ ਵਾਰ ਸੁਪਰੀਮ ਕੋਰਟ ਵਿੱਚ ਬੈਂਚ ਦੀ ਪ੍ਰਧਾਨਗੀ ਕੀਤੀ। ਗੋਗੋਈ, ਜੋ ਕਿ ਲਗਭਗ 13 ਮਹੀਨਿਆਂ ਲਈ ਚੀਫ ਜਸਟਿਸ ਰਹੇ। ਉਨ੍ਹਾਂ ਨੇ ਰਿਟਾਇਰਮੈਂਟ ਤੋਂ ਪਹਿਲਾਂ ਕਈ ਅਹਿਮ ਫੈਸਲੇ ਸੁਣਾਏ।
ਦੱਸ ਦੇਈਏ ਕਿ ਰਾਜ ਸਭਾ ਵਿੱਚ 12 ਮੈਂਬਰ ਰਾਸ਼ਟਰਪਤੀ ਵੱਲੋਂ ਨਾਮਜ਼ਦ ਕੀਤੇ ਜਾਂਦੇ ਹਨ। ਇਹ ਮੈਂਬਰ ਵੱਖ-ਵੱਖ ਖੇਤਰਾਂ ਦੀਆਂ ਪ੍ਰਸਿੱਧ ਸ਼ਖਸੀਅਤਾਂ ਹੁੰਦੀਆਂ ਹਨ।