ਨਵੀਂ ਦਿੱਲੀ: ਹੈਦਰਾਬਾਦ ਵਿੱਚ ਪਿਛਲੇ ਦਿਨੀਂ ਮਹਿਲਾ ਡਾਕਟਰ ਨਾਲ ਵਾਪਰੇ ਜਬਰਜਨਾਹ ਅਤੇ ਉਸ ਦੀ ਲਾਸ਼ ਨੂੰ ਸਾੜ ਦੇਣ ਦੇ ਮਾਮਲੇ ਨੂੰ ਲੈ ਕੇ ਦੋਸ਼ੀਆਂ ਦੀਆਂ ਲਾਸ਼ਾਂ ਦਾ ਮੁੜ ਤੋਂ ਪੋਸਟਮਾਰਟਮ ਕੀਤਾ ਗਿਆ ਹੈ।
ਦਿੱਲੀ ਦੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦੇ ਫੋਰੈਂਸਿਕ ਮਾਹਿਰਾਂ ਦੀ ਟੀਮ ਵੱਲੋਂ ਪੋਸਟਮਾਰਟਮ ਕਰਨ ਮਗਰੋਂ ਦੋਸ਼ੀਆਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਗਿਆ। ਜਾਣਕਾਰੀ ਮੁਤਾਬਕ ਇਹ ਟੀਮ ਸੀਲਬੰਦ ਲਿਫ਼ਾਫ਼ੇ ਵਿੱਚ ਆਪਣੀ ਰਿਪੋਰਟ ਤੇਲੰਗਾਨਾ ਹਾਈ ਕੋਰਟ ਨੂੰ ਸੌਂਪੇਗੀ। ਛੇ ਦਸੰਬਰ ਨੂੰ ਹੀ ਮਹਿਬੂਬਨਗਰ ਦੇ ਸਰਕਾਰੀ ਹਸਪਤਾਲ ਵਿਚ ਪਹਿਲੀ ਵਾਰ ਪੋਸਟਮਾਰਟਮ ਕੀਤਾ ਗਿਆ ਸੀ। ਬਾਅਦ 'ਚ ਹਾਈ ਕੋਰਟ ਨੇ ਲਾਸ਼ ਨੂੰ ਸੁਰੱਖਿਅਤ ਰੱਖਣ ਦਾ ਆਦੇਸ਼ ਦਿੱਤਾ ਸੀ, ਜਿਸ ਪਿੱਛੋਂ ਚਾਰਾਂ ਦੀਆਂ ਲਾਸ਼ਾਂ ਨੂੰ ਗਾਂਧੀ ਹਸਪਤਾਲ ਵਿਚ ਰੱਖਿਆ ਗਿਆ ਸੀ। 6 ਦਸੰਬਰ ਨੂੰ ਇਹ ਮੁਲਜ਼ਮ ਇਥੇ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਸਨ।
ਜ਼ਿਕਰਯੋਗ ਹੈ ਕਿ 27 ਨਵੰਬਰ ਦੀ ਰਾਤ ਨੂੰ ਮਹਿਲਾ ਡਾਕਟਰ ਦੀ ਜਬਰ ਜਨਾਹ ਪਿੱਛੋਂ ਹੱਤਿਆ ਕਰ ਦਿੱਤੀ ਗਈ ਸੀ ਅਤੇ ਦੋਸ਼ੀਆਂ ਨੇ ਉਸ ਦੀ ਲਾਸ਼ ਨੂੰ ਸਾੜ ਦਿੱਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਚਾਰਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਛੇ ਦਸੰਬਰ ਨੂੰ ਪੁਲਿਸ ਦੋਸ਼ੀਆਂ ਨੂੰ ਸੀਨ ਰੀਕ੍ਰੀਏਟ ਕਰਨ ਲਈ ਮੌਕੇ 'ਤੇ ਲੈ ਕੇ ਗਈ ਸੀ, ਉਸ ਦੌਰਾਨ ਦੋਸ਼ੀਆਂ ਨੇ ਪੁਲਿਸ ਤੋਂ ਹਥਿਆਰ ਖੋਹ ਕੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਸੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਵੀ ਗੋਲ਼ੀ ਚਲਾਈ ਸੀ ਜਿਸ ਵਿਚ ਚਾਰੋ ਦੋਸ਼ੀ ਮਾਰੇ ਗਏ ਸਨ।