ਨਵੀਂ ਦਿੱਲੀ: ਚੱਕਰਵਾਤੀ ਤੂਫਾਨ ‘ਅਮਫਾਨ’ 20 ਮਈ ਨੂੰ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਤਟ ਨੂੰ ਪਾਰ ਕਰ ਸਕਦਾ ਹੈ। ਇਸ ਦੇ ਚੱਲਦੇ ਪ੍ਰਧਾਨ ਮੰਤਰੀ ਮੋਦੀ ਨੇ ਇਸ ਤੂਫਾਨ ਨਾਲ ਨਜਿੱਠਣ ਲਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਮੀਖਿਆ ਬੈਠਕ ਕੀਤੀ।
ਇਸ ਸਬੰਧੀ ਪੀਐਮ ਮੋਦੀ ਨੇ ਟਵੀਟ ਕਰ ਦੱਸਿਆ ਕਿ ਉਨ੍ਹਾਂ ਚੱਕਰਵਾਤ ‘ਅਮਫਾਨ’ ਕਾਰਨ ਬਣੀ ਸਥਿਤੀ ਨਾਲ ਨਜਿੱਠਣ ਦੀ ਤਿਆਰੀ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਇਸ ਬੈਠਕ ਵਿੱਚ ਪ੍ਰਤੀਕਿਰਿਆ ਉਪਾਵਾਂ ਦੇ ਨਾਲ-ਨਾਲ ਨਿਕਾਸੀ ਯੋਜਨਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ।
ਇਸ ਤੋਂ ਇਲਾਵਾ ਪੀਐਮ ਨੇ ਕਿਹਾ, "ਮੈਂ ਸਾਰਿਆਂ ਦੀ ਸੁਰੱਖਿਆ ਲਈ ਅਰਦਾਸ ਕਰਦਾ ਹਾਂ ਅਤੇ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦਾ ਹਾਂ।"
ਦੱਸਣਯੋਗ ਹੈ ਕਿ ਗ੍ਰਹਿ ਮੰਤਰਾਲੇ ਅਤੇ ਰਾਸ਼ਟਰੀ ਆਫਤ ਪ੍ਰਬੰਧਨ ਅਧਾਰਟੀ (ਐਨਡੀਐਮਏ) ਦੇ ਅਧਿਕਾਰੀਆਂ ਨਾਲ ਪ੍ਰਧਾਨ ਮੰਤਰੀ ਦੀ ਬੈਠਕ ਸ਼ਾਮ ਚਾਰ ਵਜੇ ਸ਼ੁਰੂ ਸੀ। ਇਸ ਬੈਠਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਸਨ।
ਕੇਂਦਰੀ ਗ੍ਰਹਿ ਸਕੱਤਰ ਨੇ ਪੱਛਮੀ ਬੰਗਾਲ ਅਤੇ ਓਡੀਸ਼ਾ ਦੀਆਂ ਸਰਕਾਰਾਂ ਨੂੰ ਵੀ ਰੋਕੂ ਕਾਰਵਾਈਆਂ ਕਰਨ ਦੀ ਬੇਨਤੀ ਕੀਤੀ ਹੈ। ਇਨ੍ਹਾਂ ਵਿੱਚ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਵਿੱਚੋਂ ਲੋਕਾਂ ਨੂੰ ਸਮੇਂ ਸਿਰ ਕੱਢਣਾ, ਕੰਟਰੋਲ ਰੂਮ ਸਥਾਪਿਤ ਕਰਨਾ, ਖਾਣ-ਪੀਣ ਦੀਆਂ ਵਸਤਾਂ ਦੀ ਢੁਕਵੀਂ ਵਿਵਸਥਾ ਸ਼ਾਮਲ ਹੈ।
ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫ਼ੋਰਸ (ਐਨਡੀਆਰਐਫ) ਦੇ ਡਾਇਰੈਕਟਰ ਜਨਰਲ ਐਸਐਨ ਪ੍ਰਧਾਨ ਨੇ ਕਿਹਾ ਕਿ 10 ਯੂਨਿਟਾਂ ਨੂੰ ਓਡੀਸ਼ਾ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਭੇਜਿਆ ਗਿਆ ਹੈ ਜਦਕਿ 10 ਹੋਰ ਯੂਨਿਟਾਂ ਨੂੰ ਤਿਆਰ ਰੱਖਿਆ ਗਿਆ ਹੈ।