ਚੰਡੀਗੜ੍ਹ: ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕੁੱਝ ਹੀ ਦਿਨ ਬਚੇ ਹਨ ਜਿਸ ਨੂੰ ਵੇਖਦਿਆਂ ਬੀਜੇਪੀ ਨੇ ਹਰਿਆਣਾ ਵਿੱਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਫਰੀਦਾਬਾਦ ਦੇ ਬੱਲਵਗੜ੍ਹ ਵਿੱਚ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਦੀ ਦਿਵਾਲੀ ਧੀਆਂ ਦੇ ਨਾਂਅ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਜਾਣ ਵਾਲਾ ਪਾਣੀ ਰੋਕਿਆ ਜਾਵੇਗਾ।
ਚਰਖੀ ਦਾਦਰੀ ਵਿੱਚ ਪਹਿਲੀ ਰੈਲੀ
ਪ੍ਰਧਾਨ ਮੰਤਰੀ ਦੀ ਪਹਿਲੀ ਰੈਲੀ ਚਰਖੀ ਦਾਦਰੀ ਦੇ ਬਾਢੜਾ ਹਲਕੇ ਵਿੱਚ ਹੈ ਜਿੱਥੇ ਪ੍ਰਧਾਨ ਮੰਤਰੀ ਮੋਦੀ ਜਨਤਾ ਨੂੰ ਸੰਬੋਧਨ ਕੀਤਾ। ਦੱਸ ਦਈਏ ਕਿ ਚਰਖੀ ਦਾਦਰੀ ਸੀਟ ਤੋਂ ਬੀਜੇਪੀ ਨੇ ਹਰਿਆਣਾ ਵਿੱਚ ਭਲਵਾਨੀ ਤੋਂ ਸਿਆਸਤ ਵਿੱਚ ਆਈ ਬਬੀਤਾ ਫੋਗਾਟ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਕੁਰੂਕਸ਼ੇਤਰ ਵਿੱਚ ਦੂਜੀ ਰੈਲੀ
ਪ੍ਰਧਾਨ ਮੰਤਰੀ ਮੋਦੀ ਦੀ ਦੂਜੀ ਰੈਲੀ ਕੁਰੂਕਸ਼ੇਤਰ ਵਿੱਚ ਹੋਵੇਗੀ। ਪ੍ਰਧਾਨ ਮੰਤਰੀ ਥੀਮ ਪਾਰਕ ਥਾਨੇਸਰ ਵਿੱਚ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਨ੍ਹਾਂ ਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਮੌਜੂਦ ਰਹਿਣਗੇ। ਇਸ ਤੋਂ ਬਾਅਦ ਮੋਦੀ 18 ਅਕਤੂਬਰ ਨੂੰ ਹਿਸਾਰ ਵਿੱਚ ਰੈਲੀ ਕਰਕੇ ਉਮੀਦਵਾਰਾਂ ਨੂੰ ਜਿਤਾਉਣ ਲਈ ਅਪੀਲ ਕਰਨਗੇ।
ਦੱਸ ਦਈਏ ਕਿ 21 ਅਕਤੂਬਰ ਨੂੰ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ ਅਤੇ 24 ਅਕਤੂਬਰ ਨੂੰ ਇਸ ਦਾ ਨਤੀਜਾ ਆਵੇਗਾ। ਬੀਜੇਪੀ, ਕਾਂਗਰਸ, ਇਨੈਲੋ ਅਤੇ ਜੇਜੇਪੀ ਹਰਿਆਣਾ ਦੀਆਂ ਮੁੱਖ ਰਾਜਨੀਤਿਕ ਪਾਰਟੀਆਂ ਹਨ।