ਪਟਨਾ: ਤਖ਼ਤ ਸ੍ਰੀ ਦਰਬਾਰ ਸਾਹਿਬ ਪਟਨਾ ਸਾਹਿਬ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਥੇਦਾਰ ਗਿਆਨੀ ਇਕਬਾਲ ਸਿੰਘ ਦਾ ਕਾਫ਼ੀ ਦਿਨਾਂ ਤੋਂ ਚੱਲ ਰਿਹਾ ਵਿਵਾਦ ਹੁਣ ਸੁਲਝ ਗਿਆ ਹੈ। ਇਸ ਸਬੰਧੀ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਗਿਆਨੀ ਅਵਤਾਰ ਸਿੰਘ ਹਿੱਤ ਨੇ ਦਾਅਵਾ ਕੀਤਾ।
ਉਨ੍ਹਾਂ ਕਿਹਾ ਕਿ ਅੱਜ ਪ੍ਰਬੰਧਕ ਕਮੇਟੀ, ਸਿਟੀ ਐਸਡੀਓ, ਡੀਐਸਪੀ ਤੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵਿਚਕਾਰ ਬੈਠਕ ਹੋਈ। ਇਸ ਬੈਠਕ ਵਿੱਚ ਦੋਹਾਂ ਧਿਰਾਂ ਦੀ ਗੱਲ ਸੁਣਨ ਤੋਂ ਬਾਅਦ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਪਟਨਾ ਸਾਹਿਬ ਤੋਂ 3 ਅਕਤੂਬਰ ਨੂੰ ਸਨਮਾਨ ਨਾਲ ਵਿਦਾ ਕੀਤਾ ਜਾਵੇਗਾ।
ਭਾਵ ਕਿ ਕੱਲ੍ਹ ਉਨ੍ਹਾਂ ਨੂੰ ਮਾਨ-ਸਨਮਾਨ ਨਾਲ ਵਿਦਾਈ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਹ ਗੁਰਦੁਆਰਾ ਸਾਹਿਬ ਵਿੱਚ ਸਥਿਤ ਆਪਣੇ ਘਰ ਨੂੰ ਖਾਲੀ ਕਰਕੇ ਚਾਬੀ ਪ੍ਰਬੰਧਕ ਕਮੇਟੀ ਨੂੰ ਸੌਂਪਣਗੇ ਤੇ ਇੱਥੋਂ ਰਵਾਨਾ ਹੋ ਜਾਣਗੇ। ਇਸ ਦੇ ਨਾਲ ਹੀ ਬੈਠਕ ਵਿੱਚ ਸਾਬਕਾ ਜਥੇਦਾਰ ਦੇ ਕਈ ਮਾਮਲਿਆਂ 'ਤੇ ਪ੍ਰਬੰਧਕ ਕਮੇਟੀ ਦੀ ਬੈਠਕ ਵਿੱਚ ਚਾਨਣਾ ਪਾਇਆ ਗਿਆ।
ਇੱਥੇ ਤੁਹਾਨੂੰ ਦੱਸ ਦਈਏ ਕਿ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਪਹਿਲਾਂ ਵੀ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹੇ ਹਨ ਤੇ ਹੁਣ ਵੀ ਰਾਮ ਜਨਮ ਭੂਮੀ ਦੇ ਪੂਜਨ ਦੌਰਾਨ ਉਨ੍ਹਾਂ ਨੇ ਪੰਥ ਤੋਂ ਬਾਹਰ ਹੋ ਕੇ ਵਿਵਾਦਿਤ ਬਿਆਨ ਦੇ ਦਿੱਤਾ ਸੀ। ਇਸ ਨੂੰ ਲੈ ਕੇ ਵੀ ਕਾਫ਼ੀ ਵਿਵਾਦ ਹੋਇਆ ਤੇ ਉਨ੍ਹਾਂ ਨੂੰ ਪੰਥ 'ਚੋਂ ਛੇਕਣ ਦੀ ਵੀ ਮੰਗ ਕੀਤੀ ਗਈ ਸੀ। ਹੁਣ ਗਿਆਨੀ ਇਕਬਾਲ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਵਿੱਚ ਰਿਹਾਇਸ਼ ਨੂੰ ਲੈ ਕੇ ਚੱਲ ਰਿਹਾ ਮਾਮਲਾ ਸੁਲਝ ਗਿਆ ਹੈ ਤੇ ਨ੍ਹਾਂ ਮਾਨ-ਸਨਮਾਨ ਨਾਲ ਵਿਦਾ ਕੀਤਾ ਜਾਵੇਗਾ।