ਨਵੀਂ ਦਿੱਲੀ: ਰਸਾਇਣ ਵਿਗਿਆਨ ਖੇਤਰ ਵਿੱਚ ਨੋਬਲ ਪੁਰਸਕਾਰ ਦਾ ਐਲਾਨ ਹੋ ਗਿਆ ਹੈ। ਅਮਰੀਕੀ ਵਿਗਿਆਨਕ ਜੌਨ ਬੀ ਗੁਡਇਨਫ, ਬ੍ਰਿਟੇਨ ਦੀ ਸਟੇਨਲੀ ਵਿਹਟਿੰਘਮ ਅਤੇ ਜਾਪਾਨੀ ਵਿਗਿਆਨਕ ਅਕੀਰਾ ਜੋਸ਼ੀਨੋ ਨੂੰ ਰਸਾਇਣ ਵਿਗਿਆਨ ਵਿੱਚ 2019 ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਦੱਸ ਦਈਏ ਕਿ ਤਿੰਨੋ ਵਿਗਿਆਨਕਾਂ ਨੂੰ ਲੀਥੀਅਮ ਆਇਨ ਬੈਟਰੀ ਦੇ ਵਿਕਾਸ ਦੇ ਲਈ ਇਹ ਸਨਮਾਨ ਦਿੱਤਾ ਗਿਆ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਿਜ਼ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਸਬੰਧੀ ਜਿਊਰੀ ਨੇ ਦੱਸਿਆ ਕਿ ਹਲਕੇ ਭਾਰ ਅਤੇ ਇਸ ਰਿਚਾਰਜੇਬਲ ਬੈਟਰੀ ਦੀ ਵਰਤੋਂ ਹੁਣ ਮੋਬਾਈਲ ਫ਼ੋਨ ਤੋਂ ਲੈ ਕੇ ਲੈਪਟਾਪ ਅਤੇ ਸਾਰੇ ਇਲੈਕਟ੍ਰੋਨਿਕ ਵਾਹਨਾਂ ਵਿੱਚ ਕੀਤੀ ਜਾ ਸਕੇਗੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜੇਮਸ ਪੀਬਲ, ਮਿਸ਼ੇਲ ਮੇਅਰ ਅਤੇ ਡੀਡੀਅਰ ਕ੍ਵੀਲੌਜ ਨੂੰ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਸੀ। 2019 ਦੇ ਇਸ ਨੋਬਲ ਦਾ ਅੱਧਾ ਹਿੱਸਾ ਜੇਮਸ ਪੀਬਲ ਨੂੰ ਜਦਕਿ ਪੁਰਸਕਾਰ ਦਾ ਬਾਕੀ ਹਿੱਸਾ ਮਿਸ਼ੇਲ ਅਤੇ ਡੀਡੀਅਰ ਨੂੰ ਸਾਂਝੇ ਤੌਰ ਉੱਤੇ ਦਿੱਤਾ ਗਿਆ।
ਨੋਬਲ ਮਿਲਣ ਤੋਂ ਬਾਅਦ ਜੇਮਸ ਪੀਬਲ ਨੇ ਵਿਗਿਆਨ ਪੜ੍ਹਨ ਵਾਲੇ ਨੌਜਵਾਨਾਂ ਨੂੰ ਸਲਾਹ ਦਿੱਤੀ। ਉਨ੍ਹਾਂ ਕਿਹਾ, "ਤੁਹਾਨੂੰ ਇਸ ਵਿਗਿਆਨ ਦੇ ਪਿਆਰ ਲਈ ਕਰਨਾ ਚਾਹੀਦਾ ਹੈ, ਤੁਹਾਨੂੰ ਵਿਗਿਆਨ ਵਿੱਚ ਆਉਣਾ ਚਾਹੀਦਾ ਹੈ ਕਿਉਂਕਿ ਤੁਸੀਂ ਇਸ ਤੋਂ ਮੋਹਿਤ ਹੋ।" ਦੂਜੇ ਪਾਸੇ ਇਸ ਤੋਂ ਪਹਿਲਾਂ ਸੋਮਵਾਰ ਨੂੰ ਸਾਲ 2019 ਵਿੱਚ ਮੈਡੀਸਿਨ ਦਾ ਨੋਬਲ ਗ੍ਰੇਗ ਐਲ ਸੀਮੇਂਜਾ, ਸਰ ਪੀਟਰ ਜੇ ਰੈਟਕਲਿਫ਼ੀ ਅਤੇ ਵਿਲਿਅਮ ਜੀ ਕਾਏਲਿਨ ਜੂਨੀਅਰ ਨੂੰ ਦਿੱਤਾ ਗਿਆ।