ਨਵੀਂ ਦਿੱਲੀ: ਨਿਰਭਯਾ ਸਮੂਹਕ ਜਬਰ ਜਨਾਹ ਦੇ 4 ਦੋਸ਼ੀਆਂ ਵਿੱਚ ਸ਼ਾਮਲ ਵਿਨੇ ਸ਼ਰਮਾ ਅਤੇ ਮੁਕੇਸ਼ ਸਿੰਘ ਨੇ ਸੁਪਰੀਮ ਕੋਰਟ ਵਿੱਚ ਕਿਊਰੇਟਿਵ ਪਟੀਸ਼ਨ ਪਾਈ ਸੀ ਜਿਸ ਨੂੰ ਪੰਜ ਜੱਜਾਂ ਦੇ ਬੈਂਚ ਨੇ ਖਾਰਜ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਪਿਛਲੇ ਹਫਤੇ ਦੋਸ਼ੀ ਅਕਸ਼ੇ ਠਾਕੁਰ, ਪਵਨ ਗੁਪਤਾ, ਮੁਕੇਸ਼ ਸਿੰਘ ਅਤੇ ਵਿਨੇ ਸ਼ਰਮਾ ਦਾ ਡੈੱਥ ਵਾਰੰਟ ਜਾਰੀ ਕੀਤਾ ਸੀ। ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ ਇਕੱਠਿਆਂ 22 ਜਨਵਰੀ ਸਵੇਰੇ ਫਾਂਸੀ ਉੱਤੇ ਲਟਕਾਉਣ ਦਾ ਸਮਾਂ ਤੈਅ ਕੀਤਾ ਹੈ।
ਇਹ ਵੀ ਪੜ੍ਹੋ: 26 ਜਨਵਰੀ ਲਈ ਵੱਡੀ ਅੱਤਵਾਦੀ ਸਾਜ਼ਿਸ਼ ਰਚ ਰਿਹਾ ਸੀ ਦਵਿੰਦਰ ਸਿੰਘ, ਜਾਂਚ 'ਚ ਮਿਲੇ ਸੰਕੇਤ
ਤਿਹਾੜ ਜੇਲ੍ਹ ਵਿੱਚ ਫਾਂਸੀ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਐਤਵਾਰ ਨੂੰ ਦੋਸ਼ੀਆਂ ਦੀਆਂ ਡਮੀਆਂ ਨੂੰ ਫਾਂਸੀ ਦਿੱਤੀ ਗਈ ਸੀ। ਚਾਰਾਂ ਦੋਸ਼ੀਆਂ ਦੇ ਭਾਰ ਦੇ ਹਿਸਾਬ ਨਾਲ ਡਮੀ ਤਿਆਰ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ 16 ਦਸੰਬਰ ਦੀ ਸ਼ਾਮ ਨਿਰਭਯਾ ਆਪਣੇ ਦੋਸਤ ਨਾਲ ਫ਼ਿਲਮ ਵੇਖ ਕੇ ਆਪਣੇ ਘਰ ਵਾਪਸ ਆਉਣ ਲਈ ਵਸੰਤ ਵਿਹਾਰ 'ਚ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਉਸ ਦੌਰਾਨ ਇੱਕ ਪ੍ਰਾਈਵੇਟ ਬੱਸ ਆਈ ਜਿਸ ਨੇ ਦੋਵਾਂ ਨੂੰ ਬਿਠਾ ਲਿਆ। ਬੱਸ ਵਿੱਚ 6 ਨੌਜਵਾਨ ਬੈਠੇ ਸਨ ਜੋ ਕਿ ਸ਼ਰਾਬ ਦੇ ਨਸ਼ੇ ਵਿੱਚ ਸਨ।
ਕੁਝ ਦੇਰ ਬਾਅਦ ਉਨ੍ਹਾਂ ਨੌਜਵਾਨਾਂ ਨੇ ਨਿਰਭਯਾ ਦੇ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਨਿਰਭਯਾ ਦੇ ਦੌਸਤ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੇ ਨਿਰਭਯਾ ਦੇ ਨਾਲ ਜਬਰ ਜਨਾਹ ਕੀਤਾ। ਫਿਰ ਨਿਰਭਯਾ ਅਤੇ ਉਸ ਦੇ ਦੋਸਤ ਨੂੰ ਚਲਦੀ ਬੱਸ ਤੋਂ ਹੀ ਥਲ੍ਹੇ ਸੁੱਟ ਦਿੱਤਾ।
ਇਹ ਵੀ ਪੜ੍ਹੋ: ਨਾਗਰਿਕਤਾ ਸੋਧ ਬਿੱਲ ਵਿਰੁੱਧ ਸੁਪਰੀਮ ਕੋਰਟ ਜਾਣ ਵਾਲਾ ਪਹਿਲਾ ਸੂਬਾ ਬਣਿਆ ਕੇਰਲ
ਇਸ ਘਟਨਾ ਤੋਂ ਬਾਅਦ ਪੂਰਾ ਦੇਸ਼ ਨਿਰਭਯਾ ਦੇ ਇਨਸਾਫ਼ ਲਈ ਸੜਕਾਂ 'ਤੇ ਉਤਰ ਆਇਆ ਸੀ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਉਨ੍ਹਾਂ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਦੋਸ਼ੀਆਂ ਵਿਚੋਂ ਇੱਕ ਰਾਮ ਸਿੰਘ ਨੇ ਆਪਣੇ ਆਪ ਨੂੰ ਤਿਹਾੜ ਜੇਲ੍ਹ ਵਿੱਚ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਸੀ।