ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਨਾਲ ਲਗਭਗ 2 ਅਰਬ ਡਾਲਰ ਦੀ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਦੇਸ਼ ਛੱਡ ਕੇ ਭੱਜਣ ਵਾਲੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨ ਦਿੱਤਾ ਗਿਆ ਹੈ।
ਵੀਰਵਾਰ ਨੂੰ ਵਿਸ਼ੇਸ਼ ਮਨੀ ਲਾਂਡਰਿੰਗ ਰੋਕੂ ਕਾਨੂੰਨ ਅਦਾਲਤ ਨੇ ਪੰਜਾਬ ਨੈਸ਼ਨਲ ਬੈਂਕ ਘੋਟਾਲੇ ਮਾਮਲੇ ਵਿੱਚ ਨੀਰਵ ਮੋਦੀ ਨੂੰ ਭਗੌੜਾ ਆਰਥਿਕ ਅਪਰਾਧੀ ਐਲਾਨ ਕਰ ਦਿੱਤਾ। ਅਦਾਲਤ ਨੀਰਵ ਮੋਦੀ ਦੀ ਸਾਰੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਬਾਅਦ ਵਿੱਚ ਸੁਣਾਵੇਗੀ।
ਬ੍ਰਿਟੇਨ ਦੀ ਅਦਾਲਤ ਨੇ ਬੁੱਧਵਾਰ ਨੂੰ ਸੁਣਵਾਈ ਦੌਰਾਨ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਹਿਰਾਸਤ ਦਾ ਸਮਾਂ ਵਧਾ ਦਿੱਤਾ ਗਿਆ ਹੈ। ਉਸ ਨੂੰ 2 ਜਨਵਰੀ ਨੂੰ ਜੇਲ੍ਹ ਤੋਂ ਵੀਡੀਓ ਲਿੰਕ ਰਾਹੀਂ ਪੇਸ਼ ਹੋਣ ਲਈ ਵੀ ਕਿਹਾ ਗਿਆ ਹੈ।
ਨੀਰਵ ਮੋਦੀ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ਵਿੱਚ ਲੰਦਨ ਦੀ ਵੈਂਡਸਵਰਥ ਜੇਲ੍ਹ ਤੋਂ ਆਪਣੀ 28 ਦਿਨਾਂ ਦੀ ਸ਼ੁਰੂਆਤੀ ਸੁਣਵਾਈ ਲਈ ਪੇਸ਼ ਹੋਇਆ। ਜੱਜ ਨੇ ਮੁੜ ਪੁਸ਼ਟੀ ਕੀਤੀ ਹੈ ਕਿ ਹਵਾਲਗੀ ਉੱਤੇ ਸੁਣਵਾਈ ਅਗਲੇ ਸਾਲ 11 ਮਈ ਤੋਂ ਸ਼ੁਰੂ ਹੋਵੇਗੀ ਅਤੇ ਪੰਜ ਦਿਨ ਚੱਲੇਗੀ।