ਨਵੀਂ ਦਿੱਲੀ: ਸੈਂਸਰ ਦੇ ਅਧੀਨ ਨਾ ਆਓਣ ਵਾਲੀ ਕੰਪਨੀ ਨੈਟਫਲਿਕਸ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਬੇਬੇ ਨਾਨਕੀ ਦੇ ਨਾਮ ਦੀ ਗ਼ਲਤ ਵਰਤੋਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਿੱਖ ਸੰਗਤ ਵੱਲੋਂ ਦੋਸ਼ ਲਾਏ ਜਾ ਰਹੇ ਹਨ ਕਿ ਪਬਲੀਸਿਟੀ ਲਈ ਨੈਟਫਲਿਕਸ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ।
ਦੱਸ ਦਈਏ ਕਿ ਨੈਟਫਲਿਕਸ ਦੀ ਇੱਕ ਨਵੀਂ ਸੀਰੀਜ਼ 'ਗਿਲਟੀ' ਵਿੱਚ ਨਾਨਕੀ ਨਾਮ ਦਾ ਗ਼ਲਤ ਇਸਤੇਮਾਲ ਕੀਤਾ ਗਿਆ ਹੈ। ਇਸ ਨਾਮ ਦੇ ਚਰਿੱਤਰ ਨੂੰ ਸ਼ਰਾਬੀ, ਨਸ਼ਾ ਆਦਿ ਦੀ ਸ਼ੌਕੀਨ ਦਿਖਾਇਆ ਗਿਆ ਹੈ ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਨਿਰਮਾਤਾਵਾਂ ਵੱਲੋਂ ਜਾਣ-ਬੁੱਝ ਕੇ ਅਜਿਹਾ ਕੁੱਝ ਕੀਤਾ ਜਾਂਦਾ ਹੈ ਤਾਂ ਕਿ ਕਾਂਟਰੋਵਰਸੀ ਪੈਦਾ ਹੋਵੇ।
ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਆਰਥਿਕ ਜਗਤ ਲਈ ਇਕ ਚੁਣੌਤੀ ਬਣਿਆ ਹੋਇਆ ਹੈ: ਪੀਐਮ ਮੋਦੀ
ਇਸ ਸਬੰਧੀ ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸ਼ਨੀਵਾਰ ਨੂੰ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸੈਕਰੇਡ ਗੇਮਜ਼ ਵਿੱਚ ਅਨੁਰਾਗ ਕੱਸ਼ਯਪ ਵੱਲੋਂ ਵੀ ਇਹੀ ਕੋਸ਼ਿਸ਼ ਕੀਤੀ ਗਈ ਸੀ ਅਤੇ ਹੁਣ ਕਰਨ ਜੌਹਰ ਨੇ ਅਜਿਹਾ ਕੀਤਾ ਹੈ।
ਉਨ੍ਹਾਂ ਨੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੂੰ ਵੀ ਅਪੀਲ ਕੀਤੀ ਕਿ ਤੁਰੰਤ ਨੈਟਫਲਿਕਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਕਰਨ ਜੌਹਰ ਨੂੰ ਵੀ ਇਸ ਸਬੰਧੀ ਮੁਆਫ਼ੀ ਮੰਗਣੀ ਚਾਹੀਦੀ ਹੈ।