ਚੰਡੀਗੜ੍ਹ: ਦੇਸ਼ ਭਰ 'ਚ ਅੱਜ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਅਤੇ ਨੇਵਲ ਅਕੈਡਮੀ (ਐਨਏ) ਵਿੱਚ ਦਾਖ਼ਲੇ ਲਈ ਪ੍ਰੀਖਿਆਵਾਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਪ੍ਰੀਖਿਆਵਾਂ ਦਾ ਆਯੋਜਨ ਕੋਰੋਨਾ ਸੰਕਟ ਵਿਚਾਲੇ ਕੀਤਾ ਜਾ ਰਿਹਾ ਹੈ। ਐਨਡੀਏ ਤੇ ਐਨਏ ਦੀ ਪ੍ਰੀਖਿਆਵਾਂ ਸਵੇਰ ਤੇ ਦੁਪਹਿਰ ਦੀਆਂ 2 ਸ਼ਿਫਟਾਂ 'ਚ ਕਰਵਾਈਆਂ ਜਾ ਰਹੀਆਂ ਹਨ।
ਕੋਰੋਨਾ ਮਹਾਂਮਾਰੀ ਦੇ ਚਲਦੇ ਸਾਰੇ ਕੇਂਦਰਾਂ 'ਚ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਐਨਡੀਏ ਦੇ 2 ਪੇਪਰ ਹੋਂਣਗੇ। ਉਮੀਦਵਾਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਸੀਮਤ ਸਮੇਂ ਦੇ ਅੰਦਰ ਹੀ ਪ੍ਰੀਖਿਆ ਨੂੰ ਪੂਰਾ ਕਰਨ।
ਕੇਂਦਰਾਂ ਨੂੰ ਸੈਨੇਟਾਈਜ਼ ਕੀਤਾ ਗਿਆ ਹੈ। ਸੈਂਟਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਉਮੀਦਵਾਰਾਂ ਦੀ ਥਰਮਲ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਸੈਂਟਰ 'ਚ ਦਾਖ਼ਲ ਹੋਣ ਦਿੱਤਾ ਜਾ ਰਿਹਾ ਹੈ। ਉਮੀਦਵਾਰਾਂ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ ਦਸਤਾਨੇ ਅਤੇ ਮਾਸਕ ਪਾਉਣੇ ਲਾਜ਼ਮੀ ਹਨ। ਇਸ ਤੋਂ ਇਲਾਵਾ ਮਾਪਿਆਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪ੍ਰੀਖਿਆ ਕੇਂਦਰਾਂ ਤੋਂ 50 ਮੀਟਰ ਦੀ ਦੂਰੀ 'ਤੇ ਰਹਿਣ।
ਚੰਡੀਗੜ੍ਹ ਦੇ ਸੈਕਟਰ 21 'ਚ ਬਣੇ ਸੈਂਟਰ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਦੂਜੇ ਪਾਸੇ ਉਮੀਦਵਾਰ ਵੀ ਕੋਰੋਨਾ ਮਹਾਂਮਾਰੀ ਤੋਂ ਆਪਣੇ ਬਚਾ ਲਈ ਪੂਰੇ ਇੰਤਜ਼ਾਮ ਕਰਕੇ ਆਏ ਹਨ।