ਮੱਧਪ੍ਰਦੇਸ਼: ਜਬਲਪੁਰ ਵਿੱਚ ਰੰਗਮੰਚ ਦੇ ਕਲਾਕਾਰਾਂ ਨੇ 100 ਸਾਲ ਪਹਿਲਾਂ ਹੋਏ ਜਲ੍ਹਿਆਂਵਾਲਾ ਬਾਗ ਖ਼ੂਨੀ ਸਾਕੇ ਵਿੱਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਖ਼ੂਨੀ ਸਾਕੇ ਦੇ ਚਸ਼ਮਦੀਦ ਨਾਨਕ ਸਿੰਘ ਦੇ ਪੋਤੇ ਨਵਦੀਪ ਸਿੰਘ ਸੂਰੀ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਨਵਦੀਪ ਸਿੰਘ ਸੂਰੀ ਨਾਨਕ ਸਿੰਘ ਦੀ ਲਿੱਖੀ ਹੋਈ ਕਿਤਾਬ 'ਖ਼ੂਨੀ ਕ੍ਰਾਂਤੀ' ਲੈ ਕੇ ਪਹੁੰਚੇ।
ਇਸ ਬਾਰੇ ਨਵਦੀਪ ਸਿੰਘ ਸੂਰੀ ਨੇ ਦੱਸਿਆ ਕਿ ਇਹ ਕਿਤਾਬ ਅੰਗਰੇਜ਼ਾਂ ਵੱਲੋਂ ਬੈਨ ਕਰ ਦਿੱਤੀ ਗਈ ਸੀ ਤੇ ਨਾਲ ਹੀ ਸਾਰੀਆਂ ਕਾਪੀਆਂ ਜ਼ਬਤ ਕਰ ਲਈਆਂ ਗਈਆਂ ਸਨ। ਕਿਤਾਬ ਰਾਹੀਂ ਨਵਦੀਪ ਨੇ ਲੋਕਾਂ ਨੂੰ ਦੱਸਿਆ ਉਨ੍ਹਾਂ ਨੇ ਦਾਦਾ ਜੀ ਨੇ ਕੀ ਵੇਖਿਆ ਸੀ।
ਜਨਰਲ ਡਾਇਰ ਨੇ ਰੌਲਟ ਐਕਟ ਵਿਰੁੱਧ ਇੱਕ ਮੀਟਿੰਗ ਵਿੱਚ ਤਕਰੀਬਨ ਡੇਢ ਹਜ਼ਾਰ ਭਾਰਤੀਆਂ ‘ਤੇ ਗੋਲੀਆਂ ਚਲਾਈਆਂ ਸਨ। ਇਸ ਘਟਨਾ ਨੂੰ ਇਤਿਹਾਸ ਜਲ੍ਹਿਆਂਵਾਲਾ ਬਾਗ ਖ਼ੂਨੀ ਸਾਕੇ ਵਜੋਂ ਜਾਣਦਾ ਹੈ, ਜਿਸ ਘਟਨਾ ਵਿੱਚ ਨਾਨਕ ਸਿੰਘ ਵੀ ਮੌਜੂਦ ਸਨ। ਜਦੋਂ ਜਲ੍ਹਿਆਂਵਾਲਾ ਬਾਗ ਵਿੱਚ ਗੋਲੀਆਂ ਚੱਲ ਰਹੀਆਂ ਸਨ, ਉਦੋਂ ਨਾਨਕ ਨੂੰ ਮੌਕੇ 'ਤੇ ਗੋਲੀ ਨਹੀਂ ਲੱਗੀ, ਪਰ ਉਹ ਬੇਹੋਸ਼ ਹੋ ਗਏ ਸਨ। ਉਸ ਵੇਲੇ ਨਾਨਕ ਸਿੰਘ ਦੀ ਉਮਰ ਮਹਿਜ਼ 22 ਸਾਲ ਦੀ ਸੀ।
ਜਦੋਂ ਨਾਨਕ ਸਿੰਘ ਨੂੰ ਹੋਸ਼ ਆਇਆ, ਉਦੋਂ ਉਨ੍ਹਾਂ ਨੇ ਆਪਣੇ ਚਾਰੇ ਪਾਸੇ ਲਾਸ਼ਾਂ ਦੇ ਢੇਰ ਵੇਖੇ। ਅੰਗਰੇਜਾਂ ਦਾ ਕਹਿਣਾ ਸੀ ਕਿ ਲਗਭਗ 400 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਮੌਕੇ 'ਤੇ ਮੌਜੂਦ ਲੋਕਾਂ ਨੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਡੇਢ ਹਜ਼ਾਰ ਤੋਂ ਵੱਧ ਸੀ। ਨਾਨਕ ਸਿੰਘ ਇਹ ਸਮਝ ਨਹੀਂ ਸਕੇ ਸਨ ਕਿ ਆਖ਼ਿਰ ਛੋਟੇ-ਛੋਟੇ ਬੱਚਿਆਂ ਨੂੰ ਕਿਉਂ ਮਾਰਿਆ ਗਿਆ, ਉਨ੍ਹਾਂ ਦਾ ਕੀ ਕਸੂਰ ਸੀ। ਉਹ ਸਾਰੇ ਵਿਸਾਖੀ ਵੇਖਣ ਪਹੁੰਚੇ ਸਨ, ਇਨ੍ਹਾਂ ਵਿੱਚੋਂ ਸਭ ਤੋਂ ਛੋਟਾ ਬੱਚਾ ਸਿਰਫ਼ 6 ਮਹੀਨਿਆਂ ਦਾ ਸੀ।