ਨਵੀਂ ਦਿੱਲੀ: ਮੁਖਰਜੀ ਨਗਰ ਵਿੱਚ ਪੁਲਿਸ ਕਰਮਚਾਰੀਆਂ ਵੱਲੋਂ ਇੱਕ ਟੈਂਪੋ ਚਾਲਕ ਦੀ ਕੁੱਟਮਾਰ ਮਾਮਲੇ ਵਿੱਚ ਲੋਕਾਂ ਵਿੱਚ ਲਗਾਤਾਰ ਗੁੱਸਾ ਨਜ਼ਰ ਆ ਰਿਹਾ ਹੈ। ਬੀਤੇ ਦਿਨ, ਸੋਮਵਾਰ ਦੀ ਰਾਤ ਮੁਖਰਜੀ ਨਗਰ ਦੇ ਥਾਣੇ ਵਿੱਚ ਸੈਂਕੜਾਂ ਲੋਕ ਇੱਕਠੇ ਹੋਏ ਸਨ, ਉਹ ਮੰਗ ਕਰ ਰਹੇ ਸਨ ਕਿ ਵੀਡੀਓ ਵਿੱਚ ਕੁੱਟਮਾਰ ਕਰਨ ਵਾਲੇ ਜਿੰਨੇ ਮੁਲਾਜ਼ਮ ਵੇਖੇ ਜਾ ਰਹੇ ਹਨ, ਸਾਰੇ ਬਰਖ਼ਾਸਤ ਹੋਣ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੀ ਇਸ 'ਚ ਸ਼ਾਮਲ ਸਨ। ਉਹ ਥਾਣੇ ਦੇ ਅੰਦਰ ਗਏ ਅਤੇ ਜਦੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਵਧੀਆ ਕਾਰਵਾਈ ਕੀਤੀ ਹੈ, ਸਹੀ ਧਾਰਾ ਮੁਤਾਬਕ ਮਾਮਲਾ ਦਰਜ ਕਰ ਲਿਆ ਹੈ।
ਇਸ ਤੋਂ ਨਾਰਾਜ਼ ਹੋਏ ਲੋਕ ਬੋਲੇ ਕਿ ਉਹ (ਸਿਰਸਾ) ਪੁਲਿਸ ਨਾਲ ਮਿਲੇ ਹਨ, ਉਹ ਹੀ ਗੱਲ ਕਰ ਰਹੇ ਹਨ, ਜੋ ਗੱਲ ਪੁਲਿਸ ਕਹਿ ਰਹੀ ਹੈ। ਇਸ ਤੋਂ ਬਾਅਦ ਲੋਕਾਂ ਨੇ ਸਿਰਸਾ ਦੇ ਨਾਲ ਧੱਕਾਮੁੱਕੀ ਕੀਤੀ। ਇੱਕ ਪੱਤਰਕਾਰ ਨਾਲ ਵੀ ਕੁੱਟਮਾਰ ਕੀਤੀ। ਇਸ ਤੋਂ ਪਹਿਲਾ ਜਦੋਂ ਅਰਵਿੰਦ ਕੇਜਰੀਵਾਲ ਡਰਾਈਵਰ ਸਰਬਜੀਤ ਨਾਲ ਮਿਲਣ ਗਏ ਸੀ ਉਸ ਸਮੇਂ ਅਕਾਲੀ ਦਲ ਨਾਲ ਜੁੜੇ ਲੋਕਾਂ ਨੇ ਕੇਜਰੀਵਾਲ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਸੀ।