ਨਵੀਂ ਦਿੱਲੀ: ਰਾਜਧਾਨੀ ਦੇ ਸ਼ਾਹੀਨ ਬਾਗ਼ ਵਿੱਚ ਹੋਈ ਫ਼ਾਇਰਿੰਗ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਵੱਡਾ ਖ਼ੁਲਾਸਾ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਆਰੋਪੀ ਕਪਿਲ ਗੁੱਜਰ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹੈ। ਇਹੀ ਨਹੀ ਆਰੋਪੀ ਕਪਿਲ ਦੇ ਪਿਤਾ ਗਜੇ ਸਿੰਘ ਵੀ ਆਪ ਨਾਲ ਜੁੜੇ ਹੋਏ ਹਨ।
ਪੁਲਿਸ ਨੇ ਦੱਸਿਆ ਕਿ ਕਪਿਲ ਨੇ ਖ਼ੁਦ ਵਿਸ਼ੇਸ਼ ਜਾਂਚ ਟੀਮ ਦੀ ਪੁੱਛਗਿੱਛ ਦੌਰਾਨ ਇਸ ਗੱਲ ਦਾ ਪ੍ਰਗਟਾਵਾ ਕੀਤਾ। ਕਪਿਲ ਨੇ ਦੱਸਿਆ ਕਿ ਉਸ ਨੇ ਅਤੇ ਉਸ ਦੇ ਪਿਤਾ ਨੇ ਸਾਲ 2019 ਦੀ ਸ਼ੁਰੂਆਤੀ ਮਹੀਨੇ ਵਿੱਚ ਆਪ ਦੇ ਮੈਂਬਰਸ਼ਿਪ ਲਈ ਸੀ। ਆਰੋਪੀ ਦੇ ਬਿਆਨ ਬਾਰੇ ਕ੍ਰਾਈਮ ਬ੍ਰਾਂਚ ਨੇ ਕੋਰਟ ਨੂੰ ਜਾਣਕਾਰੀ ਦੇ ਦਿੱਤੀ ਹੈ।
ਕ੍ਰਾਈਮ ਬ੍ਰਾਂਚ ਮੁਤਾਬਕ ਕਪਿਲ ਗੁੱਜਰ ਦੇ ਮੋਬਾਇਲ ਫ਼ੋਨ ਅਤੇ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਆਪ ਦਾ ਮੈਂਬਰ ਹੈ, ਇਸ ਦੇ ਨਾਲ ਹੀ ਉਸ ਦੇ ਫ਼ੋਨ ਵਿੱਚੋਂ ਕੁਝ ਫ਼ੋਟੋਆਂ ਵੀ ਮਿਲੀਆਂ ਹਨ। ਇੰਨ੍ਹਾਂ ਫ਼ੋਟੋਆਂ ਵਿੱਚ ਆਰੋਪੀ ਕਪਿਲ ਗੁੱਜਰ ਅਤੇ ਉਸ ਦੇ ਪਿਤਾ ਗਜੇ ਸਿੰਘ ਆਮ ਆਦਮੀ ਪਾਰਟੀ ਦੇ ਨੇਤਾ ਆਤਿਸ਼ੀ ਅਤੇ ਆਪ ਸਾਂਸਦ ਸੰਜੇ ਸਿੰਘ ਦੇ ਨਾਲ ਨਜ਼ਰ ਆ ਰਹੇ ਹਨ।
ਜ਼ਿਕਰ ਕਰ ਦਈਏ ਕਿ ਕਪਿਲ ਇਸ ਵੇਲੇ ਕ੍ਰਾਈਮ ਬ੍ਰਾਂਚ ਦੀ ਗ੍ਰਿਫ਼ਤ ਵਿੱਚ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਕਪਿਲ ਨੇ ਗੋਲ਼ੀ ਚਲਾਉਣ ਤੋਂ ਬਾਅਦ ਆਪਣਾ ਵੱਟਸਐਪ ਖਾਤਾ ਡਿਲੀਟ ਕਰ ਦਿੱਤਾ। ਇਸ ਤੋਂ ਬਾਅਦ ਜਾਂਚ ਦੌਰਾਨ ਇਹ ਖ਼ੁਲਾਸੇ ਹੋਏ ਹਨ।
ਜਾਂਚ ਵਿੱਚ ਇੱਕ ਹੋਰ ਵੱਡਾ ਖ਼ੁਲਾਸਾ ਹੋਇਆ ਹੈ ਕਿ ਕਪਿਲ ਦੇ ਪਿਤਾ ਗਜੇ ਸਿੰਘ ਪਹਿਲਾਂ ਬੀਐਸਪੀ ਦੇ ਮੈਂਬਰ ਰਹਿ ਚੁੱਕੇ ਹਨ। ਉਸ ਨੇ 2008 ਵਿੱਚ ਜੰਗਪੁਰਾ ਤੋਂ ਬੀਐਸਪੀ ਦੇ ਟਿਕਟ ਤੇ ਵਿਧਾਨ ਸਭਾ ਅਤੇ ਸਾਲ 2012 ਵਿੱਚ ਐਨਸੀਡੀ ਦੀਆਂ ਚੋਣਾਂ ਲੜੀਆਂ ਸਨ।