ਮੁੰਬਈ: ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਰੁਝਾਨਾਂ ਮੁਤਾਬਕ ਮਹਾਰਾਸ਼ਟਰ ਵਿੱਚ ਬੀਜੇਪੀ ਅਤੇ ਸ਼ਿਵ ਸੇਨਾ 166 ਸੀਟਾਂ ਨਾਲ ਅੱਗੇ ਚੱਲ ਰਹੀ ਹੈ। ਉੱਥੇ ਹੀ ਕਾਂਗਰਸ ਅਤੇ ਐਨਸੀਪੀ 96 ਸੀਟਾਂ ਦੇ ਨਾਲ ਪਿੱਛੇ ਚੱਲ ਰਹੀ ਹੈ।
ਮਹਾਰਾਸ਼ਟਰ ਵਿੱਚ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਜਾਦੂ ਬਰਕਰਾਰ ਹੈ। ਸ਼ਿਵਸੈਨਾ ਦੇ ਅਦਿੱਤਿਆ ਠਾਕਰੇ ਵਰਲੀ ਵਿਧਾਨ ਸਭਾ ਸੀਟ ਤੋਂ ਜਿੱਤ ਵੱਲ ਅਗੇ ਵੱਧ ਰਹੇ ਹਨ। ਪਰਲੀ ਸੀਟ ਤੋਂ ਬੀਜੇਪੀ ਦੀ ਪੰਕਜਾ ਮੁੰਡੇ, ਭੋਕਾਰ ਸੀਟ ਤੋਂ ਕਾਂਗਰਸ ਦੇ ਅਸ਼ੋਕ ਚੌਹਾਨ ਅਤੇ ਬਾਰਾਮਤੀ ਸੀਟ ਤੋਂ ਅਜੀਤ ਪਵਾਰ ਅੱਗੇ ਚੱਲ ਰਹੇ ਹਨ।
ਨਾਗਪੁਰ ਦੱਖਣ ਪੱਛਮੀ ਸੀਟ ਤੋਂ ਦੇਵੇਂਦਰ ਫੜਨਵੀਸ ਅੱਗੇ ਚੱਲ ਰਹੇ ਹਨ। ਫਡਨਵੀਸ ਕਰੀਬ 20,350 ਵੋਟਾਂ ਨਾਲ ਅੱਗੇ ਚਲ ਰਹੇ ਹਨ। ਸਾਬਕਾ ਮੁੱਖ ਮੰਤਰੀ ਨਾਰਾਇਣ ਰਾਣੇ ਦੇ ਪੁੱਤਰ ਨਿਤੇਸ਼ ਰਾਣੇ ਕਣਕਵਲੀ ਸੀਟ ਤੋਂ ਅੱਗੇ ਚਲ ਰਹੇ ਹਨ। ਨਿਤੇਸ਼ ਰਾਣੇ ਬੀਜੇਪੀ ਦੀ ਟਿਕਟ ਤੋਂ ਚੋਣ ਲੜੀ ਹੈ।
ਮਹਾਰਾਸ਼ਟਰ ਦੀ ਭਾਜਪਾ ਇਕਾਈ ਨੇ ਮੁੰਬਈ ਦੇ ਪਾਰਟੀ ਹੈੱਡਕੁਆਰਟਰ ਵਿਖੇ ਜਿੱਤ ਦਾ ਜਸ਼ਨ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ ਦੇ ਅਹੁਦੇਦਾਰਾਂ ਨੇ ਹੈੱਡਕੁਆਰਟਰ ਵਿਖੇ 5000 ਲਾਡੂ ਬਣਾਏ ਗਏ ਹਨ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਪਾਈਆਂ ਗਈਆਂ ਸਨ। ਮਹਾਰਾਸ਼ਟਰ ਵਿੱਚ ਤਕਰੀਬਨ 61.13 ਫੀਸਦੀ ਵੋਟਿੰਗ ਦਰਜ਼ ਕੀਤੀ ਗਈ ਸੀ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ 2014 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਸ਼ਿਵਸੈਨਾ ਅਤੇ ਬੀਜੇਪੀ ਨੇ ਵੱਖ-ਵੱਖ ਚੋਣ ਲੜੀ ਸੀ। ਜਿਸ ਵਿੱਚ ਸ਼ਿਵ ਸੈਨਾ ਨੇ 63 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ। ਜਦਕਿ ਬੀਜੇਪੀ ਨੇ 122 ਸੀਟਾਂ 'ਤੇ ਬਾਜੀ ਮਾਰੀ ਸੀ। ਪਰ ਇਸ ਵਾਰ ਦੋਵੇ ਪਾਰਟੀਆਂ ਮਿਲ ਕੇ ਚੋਣ ਲੜ ਰਹੀਆਂ ਹਨ।