ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਕਈ ਦੇਸ਼ਾਂ ਵਿੱਚ ਤਾਲ਼ਾਬੰਦੀ ਲਾਗੂ ਹੈ। ਤਾਲ਼ਾਬੰਦੀ ਵਧਾਉਣ ਜਾਂ ਹਟਾਉਣ ਦੀਆਂ ਚਰਚਾਵਾਂ ਵਿਚਕਾਰ ਵਿਸ਼ਵ ਸਿਹਤ ਸੰਗਠਨ (WHO) ਨੇ ਚੇਤਾਵਨੀ ਦਿੱਤੀ ਹੈ।
ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਜੇਕਰ ਪਾਬੰਦੀਆਂ ਹਟਾਉਣ ਨੂੰ ਲੈ ਕੇ ਜਲਦਬਾਜ਼ੀ ਕੀਤੀ ਗਈ ਤਾਂ ਇਸ ਦੇ ਮਾੜੇ ਨਤੀਜੇ ਭੁਗਤਣੇ ਪੈ ਸਕਦੇ ਹਨ ਅਤੇ ਇਹ ਵਾਇਰਸ ਹੋਰ ਫੈਲ ਜਾਵੇਗਾ।
WHO ਦੇ ਡਾਇਰੈਕਟਰ ਜਨਰਲ ਟੈਡ੍ਰੋਸ ਗੈਬ੍ਰੇਸੀਅਸ ਨੇ ਕਿਹਾ ਕਿ ਕੁਝ ਦੇਸ਼ ਇਸ ਪਾਬੰਦੀ 'ਚ ਢਿੱਲ ਦੇਣ ਦੀ ਯੋਜਨਾ ਬਣਾ ਰਹੇ ਹਨ। ਪਾਬੰਦੀਆਂ ਨੂੰ ਇਕੱਠੇ ਹਟਾਉਣ ਨਾਲ ਇਹ ਮਹਾਂਮਾਰੀ ਮੁੜ ਫੈਲ ਸਕਦੀ ਹੈ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਭਾਰਤ ਵਿੱਚ ਇਸ ਮਹਾਂਮਾਰੀ ਨੂੰ ਤੀਜੀ ਸਟੇਜ 'ਤੇ ਪਹੁੰਚਣ ਤੋਂ ਰੋਕਣ ਲਈ ਲੌਕਡਾਊਨ ਦੌਰਾਨ ਦੇਸ਼ ਭਰ 'ਚ ਹੌਟ-ਸਪੌਟ ਇਲਾਕਿਆਂ ਦੀ ਪਛਾਣ ਕਰ ਰਹੀ ਹੈ। ਇਨ੍ਹਾਂ ਖੇਤਰਾਂ ਨੂੰ ਸੀਲ ਕੀਤਾ ਜਾ ਰਿਹਾ ਹੈ ਅਤੇ ਵੱਧ ਤੋਂ ਵੱਧ ਜਾਂਚ ਕੀਤੀ ਜਾ ਰਹੀ ਹੈ।