ਨਵੀਂ ਦਿੱਲੀ: ਚੰਦਰਯਾਨ-2 ਦੇ ਲੈਂਡਰ ਵਿਕਰਮ ਨਾਲ ਇਸਰੋ ਵੱਲੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਰਬਿਟ ਵੱਲੋਂ ਭੇਜੀ ਗਈ ਇੱਕ ਥਰਮਲ ਇਮੇਜ ਤੋਂ ਇਸਰੋ ਨੂੰ ਇੱਕ ਉਮੀਦ ਹੱਥ ਲੱਗੀ ਹੈ। ਥਰਮਲ ਇਮੇਜ ਵਿੱਚ ਵਿਕਰਮ ਲੈਂਡਰ ਲੁਨਰ ਸਰਫੇਸ ਉਤੇ ਸੁਰੱਖਿਅਤ ਦਿਖਾਈ ਦੇ ਰਿਹਾ ਹੈ।
ਇਸਰੋ ਦੇ ਇਕ ਅਧਿਕਾਰੀ ਮੁਤਾਬਿਕ ਵਿਕਰਮ ਲੈਂਡਰ 'ਚ ਕੋਈ ਟੁੱਟ-ਭੱਜ ਨਹੀਂ ਹੋਈ ਹੈ, ਉਹ ਸਹੀ ਸਲਾਮਤ ਹੈ। ਇਸਰੋ ਵੱਲੋਂ ਲੈਂਡਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਦਾਅਵਾ ਕੀਤਾ ਕਿ ਇਹ ਆਰਬਿਟਰ ਦੇ ਆਨ ਬੋਰਡ ਕੈਮਰੇ ਵੱਲੋਂ ਭੇਜੀ ਗਈ ਫੋਟੋ ਤੋਂ ਸਾਫ ਹੋ ਗਿਆ ਹੈ ਕਿ ਜਿੱਥੇ ਲੈਡਿੰਗ ਹੋਣੀ ਸੀ, ਉਥੇ ਲੈਂਡਰ ਦੀ ਹਾਰਡ ਲੈਡਿੰਗ ਹੋਈ ਹੈ। ਅਧਿਕਾਰੀ ਨੇ ਕਿਹਾ ਕਿ ਚੰਨ ਦੀ ਸਤਹ ਉਤੇ ਲੈਂਡਰ ਝੁਕੀ ਹੋਈ ਸਥਿਤੀ 'ਚ ਹੈ। ਇਸਰੋ ਦੇ ਪ੍ਰਮੁੱਖ ਕੇ ਸਿਵਨ ਨੇ ਐਤਵਾਰ ਨੂੰ ਕਿਹਾ ਸੀ ਕਿ ਚੰਦਰਯਾਨ 2 ਆਰਬਿਟਰ ਵਿਚ ਲਗੇ ਕੈਮਰਿਆਂ ਨੇ ਲੈਂਡਰ ਦੀ ਮੌਜੂਦਗੀ ਦਾ ਪਤਾ ਲਗਾਇਆ ਹੈ।
ਅਧਿਕਾਰੀ ਨੇ ਦੱਸਿਆ, 'ਜਦੋਂ ਤਕ ਸਭ ਕੁੱਝ ਸਮਝ ਨਹੀਂ ਆ ਜਾਂਦਾ, ਲੈਂਡਰ ਵਿਕਰਮ ਨੂੰ ਲੈ ਕੇ ਉਮੀਦਾਂ ਬਰਕਰਾਰ ਹਨ। ਹਾਲਾਂਕਿ ਲੈਂਡਰ ਵਿਕਰਮ ਨਾਲ ਸੰਪਰਕ ਸਥਾਪਿਤ ਕਰਨ ਦੀ ਸੰਭਾਵਨਾ ਬੇਹੱਦ ਘੱਟ ਹੈ। ਉਨ੍ਹਾਂ ਕਿਹਾ ਜੇਕਰ ਉੱਥੇ ਇੱਕ ਸਾਫ਼ਟ ਲੈਂਡਿੰਗ ਹੋਈ ਹੈ ਤੇ ਸਾਰੇ ਸਿਸਟਮ ਸਹੀ ਤਰ੍ਹਾਂ ਕੰਮ ਕਰ ਰਹੇ ਹਨ ਤਾਂ ਲੈਂਡਰ ਵਿਕਰਮ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਲੈਂਡਰ ਵਿਕਰਮ ਨਾਲ ਸੰਪਰਕ ਉਸ ਸਮੇਂ ਟੁੱਟ ਗਿਆ ਸੀ ਜਦ ਉਹ ਸ਼ਨੀਵਾਰ ਤੜਕੇ ਚੰਨ ਦੀ ਸਤਹ ਵੱਲ ਵੱਧ ਰਿਹਾ ਸੀ। ਇਸਰੋ ਦੇ ਚੇਅਰਮੈਨ ਕੇ. ਸਿਵਨ ਨੇ ਕਿਹਾ ਕਿ ਸੰਪਰਕ ਉਸ ਸਮੇਂ ਟੁੱਟਿਆ, ਜਦ ਵਿਕਰਮ ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਨ ਵਾਲੀ ਥਾਂ ਤੋਂ 2.1 ਕਿਲੋਮੀਟਰ ਦੀ ਦੂਰੀ 'ਤੇ ਸੀ। ਇਸ ਇਤਿਹਾਸਕ ਪਲ ਦੀ ਗਵਾਹੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸਰੋ ਸੈਂਟਰ ਪਹੁੰਚੇ ਸਨ।