ਬਾਂਗੁਰ: ਇਸ ਵੇਲੇ ਗਲੋਬਲ ਵਾਰਮਿੰਗ ਤੇ ਮੌਸਮ 'ਚ ਤਬਦੀਲੀ ਪੂਰੇ ਸੰਸਾਰ ਵਾਸਤੇ ਵੱਡੀ ਸਮੱਸਿਆ ਬਣੀ ਹੋਈ ਹੈ। ਸਿੰਗਲ ਯੂਜ਼ ਪਲਾਸਟਿਕ ਗਲੋਬਲ ਵਾਰਮਿੰਗ ਦਾ ਇੱਕ ਵੱਡਾ ਕਾਰਨ ਹੈ। ਕਹਿਣ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਨੇ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਲਾਈ ਹੋਈ ਪਰ ਸੱਚਾਈ ਕੁੱਝ ਹੋਰ ਹੈ। ਪੱਛਮੀ ਬੰਗਾਲ ਦਾ ਕੋਲਕਾਤਾ ਸ਼ਹਿਰ ਵੀ ਸਿੰਗਲ ਯੂਜ਼ ਪਲਾਸਟਿਕ ਨਾਲ ਘਿਰਿਆ ਹੈ ਪਰ ਇਥੋਂ ਦਾ ਬਾਂਗੁਰ ਐਵਨਿਊ ਕੁੱਝ ਵੱਖਰਾ ਹੈ।
ਬਾਂਗੁਰ ਐਵਨਿਊ 'ਚ ਰਹਿਣ ਵਾਲੇ ਲੋਕ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਹੀਂ ਕਰਦੇ। ਉਹ ਪੇਪਰ ਪੈਕੇਟ ਜਾਂ ਬੈਗ ਦਾ ਇਸਤੇਮਾਲ ਕਰਦੇ ਹਨ। ਇਥੋਂ ਤੱਕ ਕਿ ਰੇਹੜੀਆਂ ਵਾਲੇ ਵੀ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਹੀਂ ਕਰਦੇ। ਸਥਾਨਕ ਲੋਕ ਸਰਕਾਰ ਦੇ ਨੋਟਿਸ ਤੋਂ ਜਾਣੂ ਹਨ ਤੇ ਨਿਯਮਾਂ ਦੀ ਪਾਲਣਾ ਕਰਦੇ ਹਨ।
ਕੋਲਕਾਤਾ ਦੇ ਬਾਜ਼ਾਰਾਂ 'ਚ ਸਿੰਗਲ ਯੂਜ਼ ਪਲਾਸਟਿਕ ਦੀ ਭਰਮਾਰ ਹੈ ਪਰ ਜੇ ਤੁਸੀਂ ਬਾਂਗੁਰ ਸੁਪਰ ਮਾਰਕਿਟ 'ਚ ਜਾਓਂਗੇ ਤਾਂ ਤੁਹਾਨੂੰ ਕਿਤੇ ਵੀ ਸਿੰਗਲ ਯੂਜ਼ ਪਲਾਸਟਿਕ ਨਹੀਂ ਮਿਲੇਗਾ। ਰੇਹੜੀਆਂ ਵਾਲਿਆਂ ਤੋਂ ਲੈ ਕੇ ਦੁਕਾਨਦਾਰ ਤੇ ਆਮ ਲੋਕ ਪੇਪਰ ਪੈਕੇਟ ਜਾਂ ਬੈਗ ਦੀ ਹੀ ਵਰਤੋਂ ਕਰਦੇ ਹਨ।
ਕੁੱਝ ਸਾਲ ਪਹਿਲਾਂ ਬਾਂਗੁਰ ਐਵਨਿਊ ਵੀ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਨਾਲ ਜੂਝ ਰਿਹਾ ਸੀ ਪਰ ਪਲਾਸਟਿਕ ਮੁਕਤ ਬਣਨ ਤੋਂ ਬਾਅਦ ਹੁਣ ਇਥੇ ਅਜਿਹੀ ਕੋਈ ਪਰੇਸ਼ਾਨੀ ਨਹੀਂ ਹੈ।
ਬਾਂਗੁਰ ਐਵਨਿਊ ਦੇ ਸਾਬਕਾ ਕੌਂਸਲਰ ਮ੍ਰਿਗਾਂਕ ਭੱਟਾਚਾਰੀਆ ਨੇ ਸਿੰਗਲ ਯੂਜ਼ ਪਲਾਸਟਿਕ ਤੇ ਪਾਬੰਦੀ ਦੀ ਪਹਿਲ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਕੌਂਸਲਰ ਸਨ ਤਾਂ ਉਨ੍ਹਾਂ ਨੂੰ ਬੋਰਡ ਮੈਂਬਰਾਂ ਵੱਲੋਂ ਕੋਈ ਮਦਦ ਨਹੀਂ ਮਿਲੀ। ਉਨ੍ਹਾਂ ਇਕੱਲੇ ਹੀ ਮੁਹਿੰਮ ਚਲਾ ਕੇ ਲੋਕਾਂ ਨੂ ਇਸ ਸਬੰਧੀ ਜਾਗਰੂਕ ਕੀਤਾ।
ਉਹ ਇਲਾਕੇ ਦੇ ਹਰ ਘਰ ਜਾਇਆ ਕਰਦਾ ਸੀ ਅਤੇ ਸਥਾਨਕ ਲੋਕਾਂ ਨੂੰ ਸਮਝਾਉਂਦਾ ਸੀ ਕਿ ਪਲਾਸਟਿਕ ਕਿੰਨਾ ਨੁਕਸਾਨਦੇਹ ਹੈ। ਉਸਨੇ ਆਪਣੇ ਇਲਾਕੇ ਦੇ ਹਰ ਦੁਕਾਨਦਾਰ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਬੇਨਤੀ ਵੀ ਕੀਤੀ।
ਸ਼ੁਰੂਆਤ 'ਚ ਲੋਕਾਂ ਨੇ ਉਸਦੀ ਬੇਨਤੀ ਵੱਲ ਧਿਆਨ ਨਹੀਂ ਦਿੱਤਾ, ਪਰ ਉਸਨੇ ਹਿੰਮਤ ਨਹੀਂ ਹਾਰੀ। ਉਸ ਨੇ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਇਕ ਹੋਰ ਤਰੀਕਾ ਅਪਣਾਇਆ। ਉਸਨੇ ਦੁਕਾਨਦਾਰਾਂ ਵਿਚ ਇਹ ਸੰਦੇਸ਼ ਫੈਲਾਇਆ ਕਿ ਜੇ ਉਹ ਪਲਾਸਟਿਕ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਨੂੰ ਜੁਰਮਾਨਾ ਅਦਾ ਕਰਨਾ ਪਏਗਾ।
ਮ੍ਰਿਗਾਂਕ ਨੇ ਇਹ ਵੀ ਕਿਹਾ, ਸਰਕਾਰ ਨੂੰ ਸਿੰਗਲ ਯੂਜ਼ ਪਲਾਸਟਿਕ ਦਾ ਉਤਪਾਦਨ ਬੰਦ ਕਰਨਾ ਚਾਹੀਦਾ ਹੈ, ਨਹੀਂ ਤਾਂ ਲੋਕ ਨਹੀਂ ਬਦਲਣਗੇ।