ਨਵੀਂ ਦਿੱਲੀ: ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ 4 ਤੋਂ 15 ਨਵੰਬਰ ਤੱਕ ਆਡ-ਈਵਨ ਸਕੀਮ ਨੂੰ ਲਾਗੂ ਕਰਨ ਦਾ ਫ਼ੈਸਲਾ ਲਿਆ ਹੈ। ਇਸ ਸਕੀਮ ਨੂੰ ਸੁਵਿਧਾਜਨਕ ਬਣਾਉਣ ਲਈ, ਦਿੱਲੀ ਸਰਕਾਰ ਨੇ 4 ਤੋਂ 15 ਨਵੰਬਰ ਤੱਕ ਆਡ-ਈਵਨ ਸਕੀਮ ਦੇ ਦੌਰਾਨ ਸਰਕਾਰੀ ਦਫਤਰਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਹੈ।
ਇਕ ਅਧਿਕਾਰਤ ਆਦੇਸ਼ ਅਨੁਸਾਰ 21 ਸਰਕਾਰੀ ਵਿਭਾਗ ਸਵੇਰੇ 9:30 ਵਜੇ ਤੋਂ ਸ਼ਾਮ 6 ਵਜੇ ਤੱਕ ਕੰਮ ਕਰਨਗੇ, ਜਦੋਂ ਕਿ ਦੂਜੇ 21 ਵਿਭਾਗ ਸਵੇਰੇ 10:30 ਵਜੇ ਤੋਂ ਸ਼ਾਮ 7 ਵਜੇ ਤੱਕ ਕੰਮ ਕਰਨਗੇ। ਜਾਣਕਾਰੀ ਮੁਤਾਬਕ ਸਵੇਰੇ 9:30 ਵਜੇ ਤੋਂ ਕੰਮ ਸ਼ੁਰੂ ਕਰਨ ਵਾਲੇ ਵਿਭਾਗਾਂ ਦੇ ਵਿੱਚ ਪ੍ਰਬੰਧਕੀ ਸੁਧਾਰ, ਵਾਤਾਵਰਣ, ਬਿਜਲੀ, ਯੋਜਨਾਬੰਦੀ, ਆਡਿਟ, ਵਿੱਤ ਵਿਭਾਗ, ਖੁਰਾਕ ਸਪਲਾਈ, ਖਪਤਕਾਰ ਮਾਮਲੇ (ਜਨਰਲ ਸ਼ਾਖਾ) ਤੇ ਹੋਰ ਸ਼ਾਮਲ ਹਨ।
ਉਥੇ ਹੀ ਸਵੇਰੇ 10:30 ਵਜੇ ਤੋਂ ਕੰਮ ਕਰਨ ਵਾਲੇ ਦਫ਼ਤਰਾਂ ਦੇ ਵਿੱਚ ਘਰ, ਸੇਵਾਵਾਂ, ਸ਼ਹਿਰੀ ਵਿਕਾਸ, ਸਰਕਾਰੀ ਵਕੀਲ, ਟ੍ਰਾਂਸਪੋਰਟ, ਉੱਚ ਸਿੱਖਿਆ, ਸੂਚਨਾ ਤੇ ਪ੍ਰਚਾਰ ਵਰਗੇ ਦਫ਼ਤਰ ਸ਼ਾਮਿਲ ਹਨ। 'ਆਪ' ਸਰਕਾਰ ਦੀ ਆਡ-ਇਵਨ ਸਕੀਮ ਨੂੰ ਪਹਿਲੀ ਵਾਰ 2015 ਵਿੱਚ ਲਾਗੂ ਕੀਤਾ ਗਿਆ ਸੀ। ਇਸ ਸਕੀਮ ਤਹਿਤ ਆਡ ਨੰਬਰ ਦੀਆਂ ਕਾਰਾਂ ਤੇ ਈਵਨ ਨੰਬਰ ਦੀਆਂ ਕਾਰਾਂ ਵਾਲੇ ਦਿਨ ਸੜਕਾਂ 'ਤੇ ਚੱਲਣ ਦੀ ਮੰਜੂਰੀ ਨਹੀਂ ਹੈ। ਕਾਰਾਂ ਨੂੰ ਆਲਟਰਨੇਟ ਦਿਨਾਂ 'ਤੇ ਚਲਾਉਣ ਦੀ ਹਿਦਾਇਤ ਦਿੱਤੀ ਗਈ ਹੈ।
ਦੱਸ ਦੇਈਏ ਕਿ ਆਡ-ਇਵਨ ਸਕੀਮ ਦੇ ਤਹਿਤ, ਸਿਰਫ ਆਡ ਨੰਬਰ ਭਾਵ 1,3,5,7,9 ਨੰਬਰ ਦੀਆਂ ਕਾਰਾਂ ਨੂੰ ਇੱਕ ਦਿਨ ਦਿੱਲੀ ਦੀਆਂ ਸੜਕਾਂ 'ਤੇ ਚੱਲਣ ਦੀ ਮੰਜੂਰੀ ਹੈ ਜਦ ਕਿ ਉਸੇ ਦਿਨ ਈਵਨ ਨੰਬਰ ਭਾਵ 2, 4, 6, 8 ਨੰਬਰ ਵਾਲੀ ਕਾਰਾਂ ਨੂੰ ਚੱਲਣ ਦੀ ਮੰਜੂਰੀ ਨਹੀਂ ਹੋਵੇਗੀ। ਈਵਨ ਨੰਬਰ ਦੀਆਂ ਕਾਰਾਂ ਆਡ ਨੰਬਰ ਦੇ ਅਗਲੇ ਦਿਨ ਚੱਲਣ ਨੂੰ ਦੀ ਮੰਜੂਰੀ ਮਿਲੇਗੀ। ਇਸ ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ 4000 ਰੁਪਏ ਦਾ ਜੁਰਮਾਨਾ ਭਰਨਾ ਪਵੇਗਾ।