ਭੋਪਾਲ: 15 ਮਹੀਨਿਆਂ ਤੱਕ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿਣ ਤੋਂ ਬਾਅਦ ਕਮਲ ਨਾਥ ਨੇ ਸ਼ੁੱਕਰਵਾਰ ਨੂੰ ਰਾਜਪਾਲ ਨੂੰ ਆਪਣਾ ਅਸਤੀਫ਼ਾ ਦਿੱਤਾ ਹੈ। ਸੁਪਰੀਮ ਕੋਰਟ ਨੇ ਕਮਲਨਾਥ ਸਰਕਾਰ ਨੂੰ ਸ਼ਾਮ 5 ਵਜੇ ਤੱਕ ਫਲੋਰ ਟੈਸਟ (ਸ਼ਕਤੀ ਪ੍ਰਦਰਸ਼ਨ) ਕਰਨ ਲਈ ਕਿਹਾ ਸੀ ਪਰ ਇਸ ਤੋਂ ਪਹਿਲਾਂ ਹੀ ਕਮਲ ਨਾਥ ਨੇ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ।
ਕੋਰਟ ਨੇ ਕਿਹਾ ਸੀ ਕਿ ਮੱਧ ਪ੍ਰਦੇਸ਼ ਵਿਧਾਨ ਸਭਾ ਦਾ ਸੈਸ਼ਨ ਮੁੜ ਤੋਂ ਬੁਲਾਇਆ ਜਾਵੇ ਅਤੇ ਕਮਲਨਾਥ ਸਰਕਾਰ ਸ਼ੁੱਕਰਵਾਰ 5 ਵਜੇ ਤੱਕ ਬਹੁਮਤ ਹਾਸਲ ਕਰੇ ਇਸ ਤੋਂ ਪਹਿਲਾਂ ਹੀ ਮੁੱਖ ਮੰਤਰੀ ਕਮਲਨਾਥ ਨੇ ਆਪਣਾ ਅਸਤੀਫ਼ਾ ਪੇਸ਼ ਕਰ ਦਿੱਤਾ ਹੈ।
ਕਮਲਨਾਥ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਕਿਹਾ, "ਲੋਕਾਂ ਨੇ ਪੰਜ ਸਾਲ ਲਈ ਮੌਕਾ ਦਿੱਤਾ ਸੀ ਤਾਂ ਜੋ ਸੂਬੇ ਨੂੰ ਸਹੀ ਰਾਤ ਤੇ ਲਿਆਂਦਾ ਜਾਵੇ, ਇਸ ਦੀ ਨਵੀਂ ਪਹਿਚਾਣ ਬਣੇ, ਮੱਧ ਪ੍ਰਦੇਸ਼ ਦੀ ਤੁਲਣਾ ਵੱਡੇ ਰਾਜਾਂ ਨਾਲ ਹੋਵੇ, 15 ਸਾਲ ਭਾਰਤੀ ਜਨਤਾ ਪਾਰਟੀ ਨੂੰ ਮਿਲੇ ਅਤੇ ਮੈਨੂੰ 15 ਮਹੀਨੇ, ਇਨ੍ਹਾਂ 15 ਮਹੀਨਿਆਂ ਵਿੱਚ ਸੂਬੇ ਦੀ ਜਨਤਾ ਗਵਾਹ ਹੈ ਕਿ ਮੇਰੇ ਵੱਲੋਂ ਕੀਤੇ ਗਏ ਕੰਮ ਭਾਰਤੀ ਜਨਤਾ ਪਾਰਟੀ ਨੂੰ ਰਾਸ ਨਹੀਂ ਆਏ, ਤੁਸੀਂ ਜਾਣਦੇ ਹੋ ਕਿ ਜਦੋਂ ਸਰਕਾਰ ਬਣੀ ਤਾਂ ਪਹਿਲੇ ਹੀ ਦਿਨ ਤੋਂ ਸਾਜ਼ਸ਼ਾਂ ਸ਼ੁਰੂ ਹੋ ਗਈਆਂ ਸਨ।"
ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਮੂਲ ਰੂਪ ਵਿੱਚ ਲੋਕਤੰਤਰ ਦਾ ਕਤਲ ਕੀਤਾ ਹੈ। ਸੂਬੇ ਨਾਲ ਧੋਖਾ ਕਰਨ ਵਾਲੇ ਲਾਲਚੀਆਂ ਅਤੇ ਬਾਗ਼ੀਆਂ ਨੂੰ ਜਨਤਾ ਮਾਫ਼ ਨਹੀਂ ਕਰੇਗੀ।