ਲਖਨਊ / ਹੈਦਰਾਬਾਦ: ਕੋਰੋਨਾ ਵਾਇਰਸ ਕਾਰਨ ਕੀਤੀ ਗਈ ਤਾਲਾਬੰਦੀ ਦੌਰਾਨ ਸਾਈਬਰ ਕ੍ਰਾਈਮਜ਼ ਵਿੱਚ ਵਾਧਾ ਹੋਇਆ ਹੈ। ਇਨ੍ਹਾਂ ਵਿਚੋਂ ਇੱਕ ਹੈ ਆਈਡੈਂਟਿਟੀ ਕਲੋਨਿੰਗ। ਪਿਛਲੇ ਦਿਨੀਂ, ਅਜਿਹੀ ਹੀ ਇੱਕ ਘਟਨਾ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਵੇਖਣ ਨੂੰ ਮਿਲੀ, ਜਿੱਥੇ ਲਖਨਊ ਦੇ ਸੈਂਟਰਲ ਏਸੀਪੀ ਅਭੇ ਕੁਮਾਰ ਮਿਸ਼ਰਾ ਦੀ ਅਣਪਛਾਤੇ ਬਦਮਾਸ਼ਾਂ ਨੇ ਫੇਸਬੁੱਕ ਆਈਡੀ ਚੋਰੀ ਕੀਤੀ ਅਤੇ ਫਿਰ ਜਾਅਲੀ ਖਾਤਾ ਬਣਾ ਲਿਆ।
ਈਟੀਵੀ ਭਾਰਤ ਦੇ ਸਹਾਇਕ ਨਿਊਜ਼ ਸੰਪਾਦਕ ਵਰਗੀਸ ਅਬਰਾਹਿਮ ਨੇ ਸਾਈਬਰ ਮਾਹਿਰ ਸਚਿਨ ਗੁਪਤਾ ਨਾਲ ਦੇਸ਼ ਵਿੱਚ ਵੱਧ ਰਹੇ ਸਾਈਬਰ ਕ੍ਰਾਈਮ ਨੂੰ ਲੈ ਕੇ ਵਿਸ਼ੇਸ਼ ਗੱਲਬਾਤ ਕੀਤੀ। ਸਚਿਨ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਇੱਕ ਸਾਈਬਰ ਅਪਰਾਧੀ ਕਿਵੇਂ ਲੋਕਾਂ ਨੂੰ ਠੱਗਦਾ ਹੈ ਅਤੇ ਲੋਕ ਆਪਣੇ ਪੈਸੇ ਕਿਵੇਂ ਗੁਆ ਲੈਂਦੇ ਹਨ।
ਸਾਈਬਰ ਅਪਰਾਧੀਆਂ ਨੇ ਕੁਝ ਦੋਸਤਾਂ ਨੂੰ ਆਪਣੀ ਫ੍ਰੈਂਡ ਲਿਸਟ ਤੋਂ ਸੁਨੇਹਾ ਭੇਜਿਆ ਅਤੇ ਤੁਰੰਤ 5 ਹਜ਼ਾਰ ਰੁਪਏ ਦੀ ਮੰਗ ਕੀਤੀ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਅਭੇ ਕੁਮਾਰ ਮਿਸ਼ਰਾ ਦਾ ਇੱਕ ਦੋਸਤ ਸਪਸ਼ਟੀਕਰਨ ਲਈ ਉਸ ਕੋਲ ਪਹੁੰਚਿਆ ਅਤੇ ਘਟਨਾ ਬਾਰੇ ਪੁੱਛਿਆ। ਇਸ ਤੋਂ ਬਾਅਦ ਅਭੇ ਕੁਮਾਰ ਮਿਸ਼ਰਾ ਨੇ ਲਖਨਊ ਦੇ ਸਾਈਬਰ ਕ੍ਰਾਈਮ ਸੈੱਲ ਵਿੱਚ ਕੇਸ ਦੀ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ।
ਦੱਸ ਦਈਏ ਕਿ ਜਾਅਲੀ ਖਾਤਿਆਂ ਦੇ 12 ਅਜਿਹੇ ਕੇਸ ਸਾਈਬਰ ਕ੍ਰਾਈਮ ਸੈੱਲ ਵਿੱਚ ਦਰਜ ਕੀਤੇ ਗਏ ਹਨ, ਜਿਥੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਫਰਜ਼ੀ ਮੈਸੇਜ ਭੇਜੇ ਗਏ ਹਨ। ਏਸੀਪੀ ਸਾਈਬਰ ਕ੍ਰਾਈਮ ਵਿਵੇਕ ਰੰਜਨ ਰਾਏ ਨੇ ਦੱਸਿਆ ਕਿ ਜੇਕਰ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਲੋਕ ਵਧੇਰੇ ਜਾਗਰੂਕ ਹੋ ਜਾਣ ਤਾਂ ਅਜਿਹੇ ਅਪਰਾਧਾਂ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਜਾਗਰੂਕਤਾ ਲਈ ਇੱਕ ਪ੍ਰੋਗਰਾਮ ਵੀ ਚਲਾਇਆ ਗਿਆ ਹੈ। ਨਾਲ ਹੀ ਸਾਈਬਰ ਅਪਰਾਧਾਂ ਤੋਂ ਬਚਣ ਲਈ ਸੋਸ਼ਲ ਮੀਡੀਆ ਉਪਭੋਗਤਾਵਾਂ ਲਈ ਕੁਝ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਨ੍ਹਾਂ ਘਟਨਾਵਾਂ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਸਾਈਬਰ ਮਾਹਰ ਸਚਿਨ ਗੁਪਤਾ ਨੇ ਦੱਸਿਆ ਕਿ ਉਪਭੋਗਤਾ ਨੂੰ ਆਪਣੀ ਪ੍ਰੋਫਾਈਲ ਫੋਟੋ ਨੂੰ ਲੌਕ ਕਰ ਦੇਣਾ ਚਾਹੀਦਾ ਹੈ ਕਿਉਂਕਿ ਬਦਮਾਸ਼ ਇਸ ਨੂੰ ਡਾਊਨਲੋਡ ਨਹੀਂ ਕਰ ਸਕਦੇ। ਉਪਭੋਗਤਾ ਨੂੰ ਆਪਣੀ ਮਿੱਤਰ ਸੂਚੀ ਨੂੰ ਵੀ ਲੁਕੋ ਕੇ ਰੱਖਣਾ ਚਾਹੀਦਾ ਹੈ।