ਨਵੀਂ ਦਿੱਲੀ: ਜ਼ਰਾ ਸੋਚ ਕੇ ਵੇਖੋ, ਉਨ੍ਹਾਂ ਮਾਪਿਆਂ 'ਤੇ ਕੀ ਗੁਜ਼ਰਦੀ ਹੋਵੇਗੀ, ਜੋ ਤਿਆਰ ਸੁਆਰ ਕੇ ਆਪਣੇ ਜਿਗਰ ਦੇ ਟੁੱਕੜਿਆਂ ਨੂੰ ਭਵਿੱਖ ਬਣਾਉਣ ਲਈ ਵਿਦੇਸ਼ ਭੇਜਦੇ ਹਨ। ਕਈਆਂ ਦੀ ਤਾਂ ਉਮਰਾਂ ਦੀ ਕਮਾਈ ਹੀ ਇਸੇ 'ਚ ਚਲੀ ਜਾਂਦੀ ਹੈ। ਕਈਆਂ ਦੀਆਂ ਪੁਰਖਿਆਂ ਦੀਆਂ ਜ਼ਮੀਨਾਂ ਤੇ ਘਰ ਦੇ ਘਰ ਹੀ ਵਿਕ ਜਾਂਦੇ ਹਨ। ਪਰ, ਜਦੋਂ ਸਾਲਾਂ ਬਾਅਦ ਘਰ 'ਚ ਜਿਗਰ ਦੇ ਟੁੱਕੜੇ ਦੇ ਖੇੜੇ ਦੀ ਥਾਂ ਉਨ੍ਹਾਂ ਦੀਆਂ ਲਾਸ਼ਾਂ ਵਾਪਸ ਆਉਂਦੀਆਂ ਹਨ ਤਾਂ ਉਨ੍ਹਾਂ ਮਾਂ-ਪਿਓ ਦੇ ਦਿਲ ਦਾ ਦਰਦ ਸ਼ਾਇਦ ਕੋਈ ਨਹੀਂ ਜਾਣ ਸਕਦਾ। ਪੰਜਾਬ ਨੂੰ ਵੀ ਪਿਛਲੇ ਕਈ ਵਰ੍ਹਿਆਂ ਤੋਂ ਇਹ ਡੂੰਘੀ ਚੀਸ ਅੰਦਰੋਂ-ਅੰਦਰੀ ਖਾ ਰਹੀ ਹੈ। ਕਈਆਂ ਦੇ ਲਾਡਲੇ ਬਸ ਭਵਿੱਖ ਦੀ ਚਿੰਤਾ 'ਚ ਚਿਤਾ ਬਣ ਕੇ ਪਰਤੇ ਹਨ।
ਸਾਲ 2003 ਤੋਂ ਇਕਬਾਲ ਸਿੰਘ ਕਰ ਰਹੇ ਇਹ ਸੇਵਾ
ਪਰ, ਉਨ੍ਹਾਂ ਦੁੱਖਦੀਆਂ ਰੂਹਾਂ 'ਤੇ ਮਲ੍ਹਮ ਲਗਾਉਣ ਦਾ ਕੰਮ ਕਰ ਰਹੇ ਹਨ, ਸਮਾਜ ਸੇਵੀ ਇਕਬਾਲ ਸਿੰਘ ਭੱਟੀ। ਜੋ ਵਿਦੇਸ਼ਾਂ 'ਚ ਕਿਸੇ ਵੀ ਕਾਰਨਾਂ ਕਰਕੇ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ। ਇਕਬਾਲ 2003 ਤੋਂ ਲੈ ਕੇ ਹੁਣ ਤੱਕ 141 ਲਾਸ਼ਾਂ ਤੇ 20-22 ਲੋਕਾਂ ਦੀਆਂ ਅਸਥੀਆਂ ਭਾਰਤ ਭੇਜ ਚੁੱਕੇ ਹਨ।
ਕਿੰਝ ਖ਼ਤਰੇ 'ਚ ਪੈਂਦੀ ਹੈ ਵਿਦੇਸ਼ ਗਏ ਨੌਜਵਾਨਾਂ ਦੀ ਜਾਨ?
ਇਸ ਵਾਰ ਇਕਬਾਲ ਸਿੰਘ ਭੱਟੀ ਪਰਮਜੀਤ ਸਿੰਘ, ਦਿਲਦਾਰ ਸਿੰਘ ਤੇ ਕੁਲਵਿੰਦਰ ਸਿੰਘ ਦੀਆਂ ਅਸਥੀਆਂ ਲੈ ਕੇ ਆਏ ਹਨ। ਇਕਬਾਲ ਸਿੰਘ ਦਾ ਕਹਿਣਾ ਹੈ ਕਿ ਭਾਰਤ ਵਿੱਚ ਨੌਕਰੀਆਂ ਦੀ ਘਾਟ ਹੋਣ ਕਾਰਨ ਗੈਰ-ਕਾਨੂੰਨੀ ਤਰੀਕੇ ਨਾਲ ਨੌਜਵਾਨ ਵਿਦੇਸ਼ ਚੱਲੇ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈ ਵਾਰ ਹਾਲਾਤ ਅਜਿਹੇ ਪੈਦਾ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਆਪਣੀ ਜਾਨ ਤੱਕ ਗੁਆਣੀ ਪੈ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ 2003 ਤੋਂ ਲੈ ਕੇ ਹੁਣ ਤੱਕ 141 ਲਾਸ਼ਾਂ ਤੇ 20-22 ਲੋਕਾਂ ਦੀਆਂ ਅਸਥੀਆਂ ਹੁਣ ਤੱਕ ਭਾਰਤ ਭੇਜ ਚੁੱਕੇ ਹਨ। ਇਸ ਤੋਂ ਇਲਾਵਾ ਸੜਕਾਂ 'ਤੇ ਰਹਿੰਦੇ 273 ਨੌਜਵਾਨਾਂ ਨੂੰ ਜੋ ਕਿ ਗੈਰ-ਕਾਨੂੰਨੀ ਤਰੀਕੇ ਨਾਲ ਉੱਥੇ ਪਹੁੰਚੇ ਹਨ, ਉਨ੍ਹਾਂ ਨੂੰ ਵੀ ਵਾਪਸ ਭੇਜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਹ ਸਿਰਫ਼ ਪੰਜਾਬ ਲਈ ਹੀ ਨਹੀਂ ਬਲਕਿ ਭਾਰਤ ਦੇ ਹਰ ਸੂਬੇ ਲਈ ਕੰਮ ਕਰ ਰਹੇ ਹਨ।