ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਸੰਕਟ ਦੇ ਮੱਦੇਨਜ਼ਰ ਕਾਂਗਰਸ ਵਰਕਿੰਗ ਕਮੇਟੀ ਦੀ ਵੀਡਿਓ ਕਾਨਫ਼ਰੰਸਿੰਗ ਰਾਹੀਂ ਇੱਕ ਬੈਠਕ ਹੋਈ। ਇਸ ਬੈਠਕ 'ਚ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ 'ਚ ਕੋਰੋਨਾ ਸੰਕਟ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਕੇਂਦਰ 'ਤੇ ਹਮਲਾ ਬੋਲਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਭਾਜਪਾ ਕੋਵਿਡ-19 ਨਾਲ ਨਜਿੱਠਣ ਦੀ ਬਜਾਏ, ਫਿਰਕਾਪ੍ਰਸਤੀ, ਨਫ਼ਰਤ ਦੇ ਵਿਸ਼ਾਣੂ ਫੈਲਾ ਰਹੀ ਹੈ।
ਬੈਠਕ 'ਚ ਸੋਨੀਆ ਗਾਂਧੀ ਨੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਦੀ ਤਿਆਰੀ 'ਤੇ ਵੀ ਸਵਾਲ ਚੁੱਕੇ। ਸੋਨੀਆ ਗਾਂਧੀ ਨੇ ਸਿਹਤ ਕਰਮੀਆਂ ਅਤੇ ਮੂਹਰਲੀ ਕਤਾਰ ਵਿੱਚ ਲੜ ਰਹੇ ਹੋਰ ਕਰਮੀਆਂ ਨੂੰ ਮਹੁੱਈਆ ਕਰਵਾਈਆਂ ਗਈਆਂ ਪੀਪੀਈ ਕਿੱਟਾਂ ਦੀ ਮਾੜੀ ਗੁਣਵੱਤਾ 'ਤੇ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਦੇਸ਼ ਵਿੱਚ ਕੋਰੋਨਾ ਟੈਸਟ ਅਜੇ ਵੀ ਥੋੜੀ ਗਿਣਤੀ 'ਚ ਹੋ ਰਿਹਾ ਹੈ, ਇਹ ਬਹੁਤ ਚਿੰਤਾ ਦਾ ਵਿਸ਼ਾ ਹੈ।
ਸੋਨੀਆ ਗਾਂਧੀ ਨੇ ਕਿਹਾ ਕਿ ਲੌਕਡਾਊਨ ਦੇ ਪਹਿਲੇ ਪੜਾਅ ਵਿੱਚ ਤਕਰੀਬਨ 12 ਕਰੋੜ ਲੋਕਾਂ ਦੀਆਂ ਨੌਕਰੀਆਂ ਗਈਆਂ ਹਨ। ਆਰਥਿਕ ਗਤੀਵਿਧੀਆਂ ਪੂਰੀ ਤਰ੍ਹਾਂ ਰੁਕਣ ਕਾਰਨ ਬੇਰੁਜ਼ਗਾਰੀ ਵਿੱਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਸੰਕਟ ਨਾਲ ਨਜਿੱਠਣ ਲਈ ਹਰੇਕ ਪਰਿਵਾਰ ਨੂੰ ਘੱਟੋ-ਘੱਟ 7500 ਰੁਪਏ ਦਿੱਤੇ ਜਾਣੇ ਚਾਹੀਦੇ ਹਨ।
ਸੋਨੀਆ ਗਾਂਧੀ ਨੇ ਕਿਹਾ ਕਿ ਤਿੰਨ ਹਫ਼ਤੇ ਪਹਿਲਾਂ ਹੋਈ ਸਾਡੀ ਮੁਲਾਕਾਤ ਤੋਂ ਬਾਅਦ ਕੋਰੋਨਾ ਵਾਇਰਸ ਮਹਾਂਮਾਰੀ ਬਹੁਤ ਤੇਜ਼ੀ ਨਾਲ ਫੈਲੀ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਮਜ਼ਦੂਰ ਅਜੇ ਵੀ ਫਸੇ ਹੋਏ ਹਨ, ਬੇਰੁਜ਼ਗਾਰ ਹਨ ਅਤੇ ਘਰ ਪਰਤਣ ਲਈ ਤਰਸ ਰਹੇ ਹਨ। ਉਹ ਸਭ ਤੋਂ ਮੁਸ਼ਕਲ ਪੜਾਅ ਵਿੱਚੋਂ ਲੰਘ ਰਹੇ ਹਨ। ਸੰਕਟ ਦੇ ਇਸ ਦੌਰ ਤੋਂ ਬਚਣ ਲਈ ਉਨ੍ਹਾਂ ਨੂੰ ਭੋਜਨ ਸੁਰੱਖਿਆ ਅਤੇ ਵਿੱਤੀ ਸੁਰੱਖਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।
ਕਿਸਾਨਾਂ ਦੇ ਮੁੱਦੇ 'ਤੇ ਗੱਲ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਲੌਕਡਾਊਨ ਕਾਰਨ ਕਿਸਾਨਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਮਜ਼ੋਰ ਤੇ ਅਸਪਸ਼ਟ ਖਰੀਦ ਨੀਤੀਆਂ ਤੋਂ ਇਲਾਵਾ, ਸਪਲਾਈ ਚੇਨ ਵਿੱਚ ਸਮੱਸਿਆਵਾਂ ਕਾਰਨ ਕਿਸਾਨ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਦਾ ਛੇਤੀ ਹੱਲ ਕੀਤਾ ਜਾਣਾ ਚਾਹੀਦਾ ਹੈ।