ਨਵੀਂ ਦਿੱਲੀ: ਲੱਦਾਖ਼ ਦੀ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨੀ ਫ਼ੌਜੀਆਂ ਦਰਮਿਆਨ ਹਿੰਸਕ ਝੜਪਾਂ ਤੋਂ ਬਾਅਦ ਦੋਵਾਂ ਦੇਸ਼ਾਂ ਵਿੱਚ ਤਣਾਅ ਜਾਰੀ ਹੈ। ਇਸ ਦੌਰਾਨ, ਸੈਨਾ ਦੇ ਮੁਖੀ ਜਨਰਲ ਮਨੋਜ ਮੁਕੰਦ ਨਰਵਾਣੇ ਨੇ ਸ਼ੁੱਕਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ।
ਦੱਸ ਦੇਈਏ ਕਿ ਆਰਮੀ ਚੀਫ਼ ਜਨਰਲ ਨਰਵਾਣੇ ਨੇ ਬੁੱਧਵਾਰ ਨੂੰ ਪੂਰਬੀ ਲੱਦਾਖ਼ ਦੇ ਅਗਾਂਹਵਧੂ ਇਲਾਕਿਆਂ ਦਾ ਦੌਰਾ ਕੀਤਾ ਅਤੇ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਵਿਚਾਲੇ ਝੜਪ ਤੋਂ ਬਾਅਦ ਪੈਦਾ ਹੋਏ ਤਣਾਅ ਦੇ ਮੱਦੇਨਜ਼ਰ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ।
ਲੱਦਾਖ਼ ਦੌਰੇ ਦੌਰਾਨ ਫ਼ੌਜ ਮੁਖੀ ਨੇ ਜਵਾਨਾਂ ਦੇ ਉੱਚੇ ਮਨੋਬਲ ਦਾ ਤਾਰੀਫ਼ ਕਰ ਕੇ ਹੌਂਸਲਾ ਅਫ਼ਜ਼ਾਈ ਕੀਤੀ। ਭਾਰਤੀ ਫ਼ੌਜ ਨੇ ਇਸ ਦੀ ਜਾਣਕਾਰੀ ਟਵੀਟ ਕਰ ਕੇ ਸਾਂਝੀ ਕੀਤੀ ਸੀ। ਆਪਣੇ ਦੋ ਦਿਨਾਂ ਦੇ ਦੌਰੇ ਦੌਰਾਨ ਫ਼ੌਜ ਮੁਖੀ ਸੈਨਾ ਦੇ ਹਸਪਤਾਲ ਪਹੁੰਚੇ ਜਿੱਥੇ ਗਲਵਾਨ ਵਾਦੀ ਵਿੱਚ ਹੋਏ ਵਿਵਾਦ ਕਾਰਨ ਜ਼ਖ਼ਮੀ ਹੋਏ ਜਵਾਨ ਜ਼ੇਰੇ ਇਲਾਜ ਹਨ।
ਦੱਸ ਦਈਏ ਕਿ ਪਿਛਲੇ ਦਿਨੀਂ ਭਾਰਤ ਅਤੇ ਚੀਨੀ ਸੈਨਾ ਵਿਚਾਲੇ ਗਲਵਾਨ ਵਾਦੀ ਵਿੱਚ ਹੋਈ ਝੜਪ 'ਚ ਭਾਰਤੀ ਸੈਨਾ ਦੇ 20 ਜਵਾਨ ਸ਼ਹੀਦ ਹੋਏ ਅਤੇ 18 ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ।