ਨਵੀਂ ਦਿੱਲੀ: ਵਿਵਾਦਤ ਭਾਰਤ-ਚੀਨ ਸਰਹੱਦ ਨਾਲ ਲੱਗਦੀ ਹਿਮਾਲਿਆ ਦੀ ਮਹੱਤਵਪੂਰਣ ਪਰਬਤੀ ਚੋਟੀਆਂ ਦਾ ਤਾਪਮਾਨ -20 ਡਿਗਰੀ ਸੈਲਸੀਅਸ ਰਹਿ ਗਿਆ ਹੈ, ਜਿਸ ਨਾਲ ਇਨ੍ਹਾਂ ਖੇਤਰਾਂ ਵਿੱਚ ਤਾਇਨਾਤ ਦੋਵਾਂ ਪਾਸਿਆਂ ਦੇ ਹਜ਼ਾਰਾਂ ਫ਼ੌਜੀਆਂ ਲਈ ਨਵੀਂ ਚੁਣੌਤੀਆਂ ਖੜ੍ਹੀਆਂ ਕਰ ਰਿਹਾ ਹੈ। ਹਾਲਾਂਕਿ ਮੁਸ਼ਕਿਲ ਹਾਲਤਾਂ ਦੇ ਬਾਵਜੂਦ ਭਾਰਤੀ ਜਵਾਨ ਚੀਨ ਲਈ ਚੁਣੌਤੀ ਬਣੇ ਹੋਏ ਹਨ।
ਇਸ ਦੌਰਾਨ, ਪੂਰਬੀ ਲੱਦਾਖ ਵਿੱਚ ਹੋਏ ਵਿਵਾਦ ਨੂੰ ਲੈ ਕੇ ਭਾਰਤ ਅਤੇ ਚੀਨ ਦੇ ਸੀਨੀਅਰ ਸੈਨਿਕ ਅਧਿਕਾਰੀਆਂ ਦੀ 12 ਅਕਤੂਬਰ ਨੂੰ ਸੱਤਵੇਂ ਗੇੜ ਦੀ ਮੁਲਾਕਾਤ ਹੋਣ ਦੀ ਉਮੀਦ ਹੈ। ਹਾਲਾਂਕਿ, ਪਿਛਲੀਆਂ ਸਾਰੀਆਂ ਮੁਲਾਕਾਤਾਂ ਅਸਫਲ ਹੋ ਗਈਆਂ ਹਨ, ਜਿਸ ਕਾਰਨ ਮਾਮਲੇ ਦੇ ਜਲਦੀ ਹੱਲ ਹੋਣ ਦੀਆਂ ਉਮੀਦਾਂ ਘਟੀਆਂ ਹਨ।
ਪਿਛਲੇ ਮਹੀਨਿਆਂ ਵਿੱਚ, ਸਿਪਾਹੀਆਂ ਨੂੰ 17,000 ਫੁੱਟ ਤੱਕ ਉੱਚੀਆਂ ਚੋਟੀਆਂ ਉੱਤੇ ਉਤਾਰਿਆ ਗਿਆ ਹੈ। ਇਹ ਅਜਿਹੇ ਖੇਤਰ ਹਨ, ਜਿਥੇ ਫ਼ੌਜਾਂ ਲਿਆਉਣ ਵਿੱਚ ਬਹੁਤ ਸਾਰਾ ਸਮਾਂ ਲੱਗਦਾ ਹੈ।
ਇਸ ਤੋਂ ਪਹਿਲਾਂ 29 ਅਗਸਤ ਨੂੰ, ਭਾਰਤ ਨੇ ਹਨੇਰੇ ਵਿੱਚ ਚੁਪ ਚਪੀਤੇ ਇੱਕ ਅਭਿਆਨ ਚਲਾਇਆ ਸੀ ਅਤੇ ਦੱਖਣੀ ਤੱਟ ਉੱਤੇ ਪੈਂਗੋਂਗ ਤਸੋ ਝੀਲ ਦੇ ਨੇੜੇ 16,000 ਫੁੱਟ ਉਚਾਈ ਅਤੇ ਪਹਾੜੀ ਰਾਹ ਨੂੰ ਕਬਜ਼ੇ ਵਿੱਚ ਲਿਆ ਸੀ।
ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਿਰਫ਼ ਖਾਣਾ ਅਤੇ ਪਾਣੀ ਹੀ ਇਨ੍ਹਾਂ ਬਿੰਦੂਆਂ ‘ਤੇ ਪਹੁੰਚ ਸਕਦਾ ਹੈ। ਪ੍ਰਮਾਣੂ ਹਥਿਆਰਬੰਦ ਦੇਸ਼ਾਂ ਦੇ ਵਿਚਾਲੇ ਛੇ ਮਹੀਨੇ ਪੁਰਾਣਾ ਸਰਹੱਦੀ ਵਿਵਾਦ ਹੁਣ ਸਬਰ ਦੀ ਪਰੀਖਿਆ ਲੈ ਰਿਹਾ ਹੈ, ਕਿਉਂਕਿ ਦੋਵੇਂ ਧਿਰਾਂ ਯੁੱਧ ਲਈ ਤਿਆਰ ਨਜ਼ਰ ਆ ਰਹੀਆਂ ਹਨ।
ਸਪੈਸ਼ਲ ਫ਼ਰੰਟੀਅਰ ਫੋਰਸ (ਐਸਐਫ਼ਐਫ਼) ਦੇ ਲੋਕ ਉਨ੍ਹਾਂ ਫ਼ੌਜਾਂ ਵਿੱਚ ਸ਼ਾਮਿਲ ਹਨ ਜੋ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਸਿਖਰਾਂ ਉੱਤੇ ਹਨ। ਇਹ ਇੱਕ ਵਿਸ਼ੇਸ਼ ਸ਼ਕਤੀ ਹੈ, ਜਿਸ ਵਿੱਚ ਤਿੱਬਤੀ ਸ਼ਰਨਾਰਥੀ ਸ਼ਾਮਿਲ ਕੀਤੇ ਗਏ ਸੀ।
ਇਸ ਦੇ ਨਾਲ ਹੀ ਚੀਨ ਨੇ ਭਾਰਤੀ ਫ਼ੌਜ ਤੋਂ ਕੁਝ ਮੀਟਰ ਦੀ ਦੂਰੀ 'ਤੇ ਆਪਣੇ ਸੈਨਿਕ ਵੀ ਤਾਇਨਾਤ ਕੀਤੇ ਹਨ। ਐਸਐਫ਼ਐਫ਼ ਦੀਆਂ ਟੁਕੜੀਆਂ 13 ਮਹੱਤਵਪੂਰਨ ਉਚਾਈਆਂ ਪ੍ਰਾਪਤ ਕਰ ਚੁੱਕੀਆਂ ਹਨ।
ਅਧਿਕਾਰੀ ਨੇ ਕਿਹਾ ਕਿ ਨਾ ਤਾਂ ਇਨ੍ਹਾਂ ਉਚਾਈਆਂ 'ਤੇ ਕੋਈ ਅਸਥਾਈ ਢਾਂਚਾ ਬਣਾਇਆ ਗਿਆ ਹੈ ਅਤੇ ਨਾ ਹੀ ਇੱਥੇ ਕੋਈ ਸੜਕ ਜਾਂ ਬੁਨਿਆਦੀ ਢਾਂਚਾ ਹੈ। ਚੀਨ ਵੀ ਇਸੇ ਸਥਿਤੀ ਵਿੱਚ ਹੈ ਅਤੇ ਲੌਜਿਸਟਿਕਸ ਆਦਿ ਦੀ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ। ਹਾਲਾਂਕਿ, ਅਜਿਹੇ ਮੁਸ਼ਕਿਲ ਹਾਲਾਤਾਂ ਵਿੱਚ, ਫ਼ੌਜ ਹਾਈ ਅਲਰਟ 'ਤੇ ਹੈ, ਕਿਉਂਕਿ ਪੀਐਲਏ ਨੇ ਕੁਝ ਮਹੱਤਵਪੂਰਨ ਸਿਖਰਾਂ 'ਤੇ ਕੁਝ ਮੀਟਰ ਦੀ ਦੂਰੀ ਉੱਪਰ ਸਿਪਾਹੀ ਤਾਇਨਾਤ ਕੀਤੇ ਹਨ।
ਇੱਕ ਸੂਤਰ ਨੇ ਕਿਹਾ ਕਿ ਜਦੋਂ ਤੱਕ ਚੀਨ ਆਪਣੀਆਂ ਫ਼ੌਜਾਂ ਨੂੰ ਪੂਰੀ ਤਰ੍ਹਾਂ ਵਾਪਿਸ ਨਹੀਂ ਲੈਂਦਾ, ਉਦੋਂ ਤੱਕ ਭਾਰਤ ਆਪਣੀਆਂ ਫ਼ੌਜਾਂ ਨੂੰ ਇਨ੍ਹਾਂ ਉਚਾਈਆਂ ਤੋਂ ਘੱਟ ਨਹੀਂ ਕਰੇਗਾ।
ਦੱਸ ਦੇਈਏ ਕਿ ਭਾਰਤ ਅਤੇ ਚੀਨ ਵਿਚਾਲੇ ਐਲਏਸੀ 'ਤੇ ਪਿਛਲੇ ਛੇ ਮਹੀਨਿਆਂ ਤੋਂ ਚੱਲ ਰਿਹਾ ਵਿਵਾਦ ਜਾਰੀ ਹੈ। ਕਈ ਪੱਧਰਾਂ 'ਤੇ ਗੱਲਬਾਤ ਦੇ ਬਾਵਜੂਦ, ਸਫਲਤਾ ਨਹੀਂ ਮਿਲੀ ਹੈ ਅਤੇ ਵਿਵਾਦ ਲਗਾਤਾਰ ਜਾਰੀ ਹੈ।