ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਭਾਰਤ ਅਸਲ ਕੰਟਰੋਲ ਰੇਖਾ (ਐਲਏਸੀ) 'ਤੇ ਹਥਿਆਰਾਂ ਦੀ ਗਿਣਤੀ ਵਿੱਚ ਵਾਧਾ ਕਰ ਰਿਹਾ ਹੈ। ਇਸ ਨਾਲ ਹੀ ਐਲਏਸੀ 'ਤੇ ਫੌਜੀਆਂ ਦੀ ਗਿਣਤੀ ਵੀ ਵਧਾਈ ਜਾ ਰਹੀ ਹੈ।
ਸੋਮਵਾਰ ਨੂੰ ਸ਼੍ਰੀਨਗਰ ਤੋਂ ਲੱਦਾਖ ਜਾ ਰਹੇ ਹਾਈਵੇ 'ਤੇ ਭਾਰਤੀ ਫੌਜ ਨੂੰ ਐਲਏਸੀ ਵੱਲ ਇੱਕ ਘਾਤਕ ਹਥਿਆਰ ਲੈ ਜਾਂਦੇ ਹੋਏ ਦੇਖਿਆ ਗਿਆ। ਉੱਥੇ ਹੀ ਲੱਦਾਖ ਏਅਰਬੇਸ 'ਤੇ ਪਹਿਲਾਂ ਹੀ ਲੜਾਕੂ ਜਹਾਜ਼ਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਫੌਜੀਆਂ ਦੀ ਗਿਣਤੀ ਵਧਾਉਣ ਲਈ ਸਾਰੇ ਫੌਜੀਆਂ ਦੀਆਂ ਛੁੱਟੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ।
ਦਰਅਸਲ, ਪੂਰਬੀ ਲੱਦਾਖ ਵਿੱਚ ਚੀਨ ਲਗਾਤਾਰ ਸੈਨਿਕ ਬਲ ਵਧਾ ਰਿਹਾ ਹੈ। ਦੇਸ਼ ਦੀ ਸਰਹੱਦ ਦੀ ਸੁਰੱਖਿਆ ਦੇ ਮੱਦੇਨਜ਼ਰ ਭਾਰਤ ਨੇ ਐਲਏਸੀ 'ਤੇ ਫੌਜਾਂ ਦੀ ਗਿਣਤੀ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਚੀਨ ਨੂੰ ਜਵਾਬ ਦੇਣ ਲਈ ਸਰਹੱਦ 'ਤੇ ਭਾਰਤ ਵੱਡੀ ਗਿਣਤੀ ਵਿੱਚ ਜੰਗੀ ਹਥਿਆਰ ਤਾਇਨਾਤ ਕਰ ਰਿਹਾ ਹੈ।
ਦੱਸ ਦਈਏ ਕਿ ਪਿਛਲੇ ਦਿਨੀਂ ਲੱਦਾਖ ਵਿੱਚ ਗਲਵਾਨ ਘਾਟੀ 'ਚ ਭਾਰਤ ਅਤੇ ਚੀਨੀ ਫੌਜ ਵਿਚਾਲੇ ਝੜਪ ਹੋ ਗਈ ਸੀ। ਜਿਸ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ ਅਤੇ ਚੀਨ ਦੇ ਵੀ ਕਈ ਫੌਜੀਆਂ ਦੀ ਮੌਤ ਹੋਈ ਸੀ।