ਚੰਡੀਗੜ੍ਹ: ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲਣ ਲਈ ਉਨ੍ਹਾਂ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਸੋਮਵਾਰ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਪਹੁੰਚੀ। ਅੰਬਾਲਾ ਜੇਲ 'ਚੋਂ ਜ਼ਮਾਨਤ ਮਿਲਣ ਤੋਂ ਬਾਅਦ ਹਨੀਪ੍ਰੀਤ ਦੀ ਰਾਮ ਰਹੀਮ ਨਾਲ ਇਹ 5ਵੀਂ ਮੁਲਾਕਾਤ ਸੀ।
ਹਨੀਪ੍ਰੀਤ ਸੋਮਵਾਰ ਦੁਪਹਿਰ ਇਨੋਵਾ ਕਾਰ 'ਚ ਰਾਮ ਰਹੀਮ ਨੂੰ ਮਿਲਣ ਜੇਲ੍ਹ ਪਹੁੰਚੀ। ਉਸ ਨੇ ਰਾਮ ਰਹੀਮ ਨਾਲ ਲਗਭਗ 20 ਮਿੰਟ ਤਕ ਮੁਲਾਕਾਤ ਕੀਤੀ। ਜਾਣਕਾਰੀ ਮੁਤਾਬਕ ਉਨ੍ਹਾਂ ਦੇ ਨਾਲ ਦੋ ਵਕੀਲ ਵੀ ਸਨ। ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਅਤੇ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਪਰਿਵਾਰਕ ਮੈਂਬਰਾਂ ਅਤੇ ਹਨੀਪ੍ਰੀਤ ਦੀ ਰਾਮ ਰਹੀਮ ਨਾਲ ਵੱਖ-ਵੱਖ ਹੋਣ ਵਾਲੀਆਂ ਮੁਲਾਕਾਤਾਂ ਕਾਰਨ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਚਰਚਾ ਹੈ ਕਿ ਡੇਰਾ ਮੁਖੀ ਦੇ ਜੇਲ੍ਹ ਵਿੱਚ ਜਾਣ ਮਗਰੋਂ ਪ੍ਰਬੰਧ ਨੂੰ ਲੈ ਕੇ ਰੌਲਾ ਪਿਆ ਹੋਇਆ ਹੈ। ਇਸ ਲਈ ਧੜੇਬੰਦੀ ਚੱਲ ਰਹੀ ਹੈ। ਇਸ ਲਈ ਹੀ ਇਹ ਮੁਲਾਕਾਤਾਂ ਦਾ ਦੌਰ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਪੰਚਕੂਲਾ 'ਚ ਭੜਕੀ ਹਿੰਸਾ ਅਤੇ ਅਗਨਜ਼ੀ ਨੂੰ ਲੈ ਕੇ ਹਨੀਪ੍ਰੀਤ ਲੰਬੇ ਸਮੇਂ ਤੋਂ ਅੰਬਾਲਾ ਜੇਲ ਵਿਚ ਬੰਦ ਸੀ। ਹਨੀਪ੍ਰੀਤ ਤੋਂ ਦੇਸ਼ਧਰੋਹ ਅਤੇ ਹੋਰ ਧਾਰਾਵਾਂ ਹਟ ਜਾਣ ਮਗਰੋਂ ਬੀਤੇ ਸਾਲ 6 ਨਵੰਬਰ ਮਹੀਨੇ ਜੇਲ 'ਚੋਂ ਜ਼ਮਾਨਤ 'ਤੇ ਰਿਹਾਅ ਹੋਈ ਸੀ।