ਨਵੀਂ ਦਿੱਲੀ: ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਮੰਗਲਵਾਰ ਨੂੰ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖ ਕੇ ਪ੍ਰਵਾਸੀ ਮਜ਼ਦੂਰਾਂ ਦੀ ਪ੍ਰੇਸ਼ਾਨੀ ਦੂਰ ਕਰਨ ਲਈ ਕਦਮ ਚੁੱਕਣ ਲਈ ਰਾਜਾਂ ਅਤੇ ਰੇਲਵੇ ਮੰਤਰਾਲੇ ਦੇ ਆਪਸੀ ਤਾਲਮੇਲ ਨਾਲ ਹੋਰ ਵਿਸ਼ੇਸ਼ ਰੇਲ ਗੱਡੀਆਂ ਦੇ ਸੰਚਾਲਨ ਸਮੇਤ ਕਈ ਉਪਾਅ ਲਾਗੂ ਕਰਨ ਦਾ ਸੁਝਾਅ ਦਿੱਤਾ।
ਗ੍ਰਹਿ ਸਕੱਤਰ ਦੁਆਰਾ ਸੁਝਾਏ ਗਏ ਉਪਾਵਾਂ ਵਿੱਚ ਸੂਬਿਆਂ ਦਰਮਿਆਨ ਚੱਲਣ ਵਾਲੀਆਂ ਬੱਸਾਂ ਦੀ ਗਿਣਤੀ ਵਧਾਉਣਾ ਅਤੇ ਅੰਤਰ-ਰਾਜੀ ਸਰਹੱਦਾਂ 'ਤੇ ਉਨ੍ਹਾਂ ਦੀ ਆਵਾਜਾਈ ਨੂੰ ਆਗਿਆ ਦੇਣਾ ਵੀ ਸ਼ਾਮਲ ਹੈ।
ਸੂਬਿਆਂ ਨੂੰ ਪਤੇ ਅਤੇ ਹੋਰ ਵੇਰਵੇ ਦਰਜ ਕਰਨ ਤੋਂ ਇਲਾਵਾ ਪੈਦਲ ਯਾਤਰਾ ਕਰ ਰਹੇ ਪ੍ਰਵਾਸੀਆਂ ਲਈ ਖਾਣਾ, ਪਾਣੀ, ਸਫਾਈ ਵਿਵਸਥਾ ਦੇ ਪ੍ਰਬੰਧ ਦੇ ਨਾਲ-ਨਾਲ ਆਰਾਮ ਕਰਨ ਵਾਲੀਆਂ ਥਾਵਾਂ ਬਣਾਉਣ ਲਈ ਵੀ ਕਿਹਾ ਗਿਆ ਹੈ।
ਪੱਤਰ ਦੇ ਜ਼ਰੀਏ ਭੱਲਾ ਨੇ ਕਿਹਾ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਰੇਲਵੇ ਨੂੰ ਬੇਨਤੀ ਕਰਨ ਲਈ ਕਿਹਾ ਜਾ ਸਕਦਾ ਹੈ ਕਿ ਉਹ ਲੋੜ ਪੈਣ 'ਤੇ ਰੇਲ ਗੱਡੀਆਂ ਚਲਾਉਣ। ਸ਼੍ਰਮਿਕ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਪ੍ਰਕਿਰਿਆ ਵਿੱਚ ਮੂਲ ਅਤੇ ਮੰਜ਼ਿਲ ਰਾਜਾਂ ਦੀ ਮਨਜ਼ੂਰੀ ਸ਼ਾਮਲ ਹੈ ਅਤੇ ਜੇ ਕਿਸੇ ਰੇਲ ਨੇ ਗੁਜਰਾਤ ਤੋਂ ਪੱਛਮੀ ਬੰਗਾਲ ਜਾਣਾ ਹੈ, ਤਾਂ ਦੋਵੇਂ ਰਾਜਾਂ ਨੂੰ ਆਪਣੀ ਮਨਜ਼ੂਰੀ ਦੇਣੀ ਪਵੇਗੀ।
ਰੇਲਵੇ ਵਿਭਾਗ ਗ੍ਰਹਿ ਮੰਤਰਾਲੇ ਵੱਲੋਂ ਪ੍ਰਵਾਸੀ ਮਜ਼ਦੂਰਾਂ, ਮਜ਼ਦੂਰਾਂ, ਵਿਦਿਆਰਥੀਆਂ ਅਤੇ ਸੈਲਾਨੀਆਂ ਸਣੇ ਫਸੇ ਨਾਗਰਿਕਾਂ ਦੀ ਆਵਾਜਾਈ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਉਨ੍ਹਾਂ ਨੂੰ ਗ੍ਰਹਿ ਰਾਜਾਂ ਵਿੱਚ ਵਾਪਸ ਭੇਜਣ ਲਈ ਵਿਸ਼ੇਸ਼ ਰੇਲ ਗੱਡੀਆਂ ਚਲਾ ਰਿਹਾ ਹੈ।