ਰਿਸ਼ੀਕੇਸ਼: ਸਿੱਖਾਂ ਦੇ ਪਵਿੱਤਰ ਧਾਮ ਹੇਮਕੁੰਟ ਸਾਹਿਬ ਦੇ ਕਿਵਾੜ ਅੱਜ ਤੋਂ ਖੁੱਲ੍ਹ ਗਏ ਅਤੇ ਵੱਡੀ ਗਿਣਤੀ 'ਚ ਸ਼ਰਧਾਲੂ ਉੱਥੇ ਪਹੁੰਚ ਰਹੇ ਹਨ। ਰਿਸ਼ੀਕੇਸ਼ ਦੇ ਹੇਮਕੁੰਟ ਗੁਰਦਵਾਰਾ ਮੈਨੇਜਮੈਂਟ ਟਰੱਸਟ ਨੇ ਇਸ ਲਈ ਪਹਿਲਾਂ ਤੋਂ ਹੀ ਹੇਮਕੁੰਟ ਯਾਤਰਾ ਨੂੰ ਲੈ ਕੇ ਤਿਆਰੀਆਂ ਪੂਰੀਆਂ ਕਰ ਲਈਆਂ ਸਨ।
ਯਾਤਰਾ 'ਤੇ ਜਾਣ ਵਾਲੇ ਸਾਰੇ ਯਾਤਰੀਆਂ ਦੀ ਰਜਿਸਟ੍ਰੇਸ਼ਨ ਕੀਤੀ ਜਾ ਰਹੀ ਹੈ ਤੇ ਹੁਣ ਤੱਕ 6 ਹਜ਼ਾਰ ਤੋਂ ਜ਼ਿਆਦਾ ਯਾਤਰੀਆਂ ਨੇ ਰਜਿਸਟ੍ਰੇਸ਼ਨ ਕਰਵਾ ਲਈ ਹੈ। ਗੁਰਦਵਾਰਾ ਕਮੇਟੀ ਨੇ ਯਾਤਰੀਆਂ ਲਈ ਸਾਰੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਕਮੇਟੀ ਮੈਂਬਰਾਂ ਦਾ ਕਹਿਣਾ ਹੈ ਕਿ ਹੇਮਕੁੰਟ ਜਾਣ ਵਾਲੇ ਰਸਤਿਆਂ ਨੂੰ ਸਹੀ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਇਸ ਵਾਰ ਦੀ ਇਹ ਯਾਤਰਾ ਪਿਛਲੀ ਵਾਰ ਨਾਲੋਂ ਆਸਾਨ ਹੋਵੇਗੀ।
ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ 'ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਦੇ ਦਰਬਾਰ 'ਚ ਜਾਣ ਲਈ ਉਹ ਗੁਰੂ ਸਾਹਿਬ ਦਾ ਨਾਂਅ ਲੈ ਕੇ ਹੀ ਅੱਗੇ ਵੱਧ ਰਹੇ ਹਨ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਕੋਈ ਵੀ ਆਫ਼ਤ ਆ ਜਾਵੇ ਉਨ੍ਹਾਂ ਦੇ ਮਨ ਵਿੱਚ ਸ਼ਰਧਾ ਘੱਟ ਨਹੀਂ ਹੋਵੇਗੀ, ਉਹ ਹਰ ਸਾਲ ਯਾਤਰਾ ਲਈ ਹੇਮਕੁੰਟ ਆਉਂਦੇ ਰਹਿਣਗੇ।