ਅਹਿਮਦਾਬਾਦ: ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਰਸਾਤ ਹੋਈ। ਦੇਵਭੂਮੀ ਦਵਾਰਕਾ ਜ਼ਿਲ੍ਹੇ ਦੀ ਖੰਭਾਲੀਆ ਤਹਿਸੀਲ ਵਿੱਚ ਇੱਕ ਦਿਨ ਵਿੱਚ 434 ਮਿਲੀਮੀਟਰ ਮੀਂਹ ਪਿਆ। ਇਸ ਤਹਿਸੀਲ ਵਿੱਚ ਸ਼ਾਮ 6 ਵਜੇ ਤੋਂ 8 ਵਜੇ ਦੇ ਵਿਚਕਾਰ ਦੋ ਘੰਟਿਆਂ ਦੌਰਾਨ 292 ਮਿਲੀਮੀਟਰ ਬਰਸਾਤ ਹੋਈ, ਜਿਸ ਨਾਲ ਇਲਾਕਿਆਂ ਵਿੱਚ ਬਹੁਤ ਸਾਰਾ ਪਾਣੀ ਖੜ੍ਹਾ ਹੋ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਸੌਰਾਸ਼ਟਰ ਦੇ ਪੋਰਬੰਦਰ, ਗਿਰ ਸੋਮਨਾਥ, ਜੁਨਾਗੜ੍ਹ ਅਤੇ ਅਮਰੇਲੀ ਜ਼ਿਲ੍ਹਿਆਂ ਦੇ ਨਾਲ-ਨਾਲ ਦੱਖਣੀ ਗੁਜਰਾਤ ਦੇ ਵਲਸਾਡ ਅਤੇ ਨਵਸਾਰੀ ਜ਼ਿਲ੍ਹਿਆਂ ਵਿੱਚ ਸਾਰਾ ਦਿਨ ਭਾਰੀ ਮੀਂਹ ਪਿਆ।
ਭਾਰਤੀ ਮੌਸਮ ਵਿਭਾਗ ਦੇ ਅਹਿਮਦਾਬਾਦ ਸੈਂਟਰ ਨੇ ਅਗਲੇ 3 ਦਿਨਾਂ ਦੌਰਾਨ ਸੌਰਾਸ਼ਟਰ, ਉੱਤਰ ਅਤੇ ਦੱਖਣੀ ਗੁਜਰਾਤ ਵਿੱਚ ਭਾਰੀ ਬਰਸਾਤ ਹੋਣ ਦੀ ਭਵਿੱਖਬਾਣੀ ਕੀਤੀ ਹੈ।
ਇਹ ਵੀ ਪੜ੍ਹੋ: ਅਸਾਮ 'ਚ ਹੜ੍ਹ ਦਾ ਕਹਿਰ, 17 ਜ਼ਿਲ੍ਹਿਆਂ ਦੇ 6 ਲੱਖ ਤੋਂ ਵੱਧ ਲੋਕ ਪ੍ਰਭਾਵਿਤ
ਪੁਲਿਸ ਨੇ ਦੱਸਿਆ ਕਿ ਸੁਰੇਂਦਰਨਗਰ ਜ਼ਿਲ੍ਹੇ ਵਿੱਚ ਬਿਜਲੀ ਡਿੱਗਣ ਕਾਰਨ ਇੱਕ ਕਿਸਾਨ ਦੀ ਜਾਨ ਚਲੀ ਗਈ, ਜਦੋਂ ਕਿ ਇੱਕ ਵਿਅਕਤੀ ਦੇ ਡੁੱਬਣ ਦਾ ਖਦਸ਼ਾ ਹੈ। ਉਹ ਇੱਕ ਪਿਕਅਪ ਵੈਨ ਵਿੱਚ ਸਫ਼ਰ ਕਰ ਰਿਹਾ ਸੀ ਜੋ ਪਾਣੀ ਦੀਆਂ ਤੇਜ਼ ਲਹਿਰਾਂ ਨਾਲ ਵਹਿ ਗਈ।
ਰਾਜ ਦੇ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ ਸਵੇਰ ਤੋਂ ਰਾਤ ਦੇ 8 ਵਜੇ ਤੱਕ ਪੋਰਬੰਦਰ ਦੇ ਰਾਣਾਵਾਵ ਵਿੱਚ 152 ਮਿਲੀਮੀਟਰ, ਪੋਰਬੰਦਰ ਵਿੱਚ 120 ਮਿਲੀਮੀਟਰ, ਗਿਰ ਸੋਮਨਾਥ ਦੇ ਸੁਤ੍ਰਪਾਡਾ ਵਿੱਚ 103 ਮਿਲੀਮੀਟਰ, ਨਵਸਾਰੀ ਦੇ ਚਿਲੀ ਵਿੱਚ 99 ਮਿਲੀਮੀਟਰ, ਵਲਸਾਦ ਦੇ ਪਾਰਦੀ ਵਿੱਚ 98 ਮਿਲੀਮੀਟਰ ਬਰਸਾਤ ਹੋਈ।