ਗੁਰੂਗ੍ਰਾਮ: ਹਰਿਆਣਾ ਦੇ ਗੁਰੂਗ੍ਰਾਮ ਵਿਖੇ ਸਦਰ ਬਾਜ਼ਾਰ ਸਥਿਤ ਜ਼ਮਾਮ ਮਸਜਿਦ ਕੋਲ ਸ਼ਨਿਵਾਰ ਰਾਤ ਇੱਕ ਮੁਸਲਿਮ ਲੜਕੇ ਦੀ ਟੋਪੀ ਸੁੱਟੇ ਜਾਣ ਅਤੇ "ਜੈ ਸ਼੍ਰੀ ਰਾਮ" ਦੇ ਨਾਅਰੇ ਲਗਵਾਉਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਹੁਣ ਇੱਕ ਨਵਾਂ ਮੋੜ ਆ ਗਿਆ ਹੈ। ਪੁਲਿਸ ਦੀ ਮੁੱਢਲੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਮੁਸਲਿਮ ਲੜਕੇ ਮੁਹੰਮਦ ਬਰਕਤ ਅਲੀ ਨਾਲ ਕੁੱਟ ਮਾਰ ਹੋਈ ਸੀ, ਪਰ ਨਾਂ ਹੀ ਉਸ ਦੀ ਟੋਪੀ ਸੁੱਟੀ ਗਈ ਅਤੇ ਨਾਂ ਹੀ ਉਸ ਦੀ ਸ਼ਰਟ ਪਾੜੀ ਗਈ ਸੀ।
ਇਸ ਘਟਨਾ ਦੀ ਪੁਲਿਸ ਨੇ ਸੀਸੀਟੀਵੀ ਫੂਟੇਜ ਰਾਹੀਂ ਪੜਚੋਲ ਕੀਤੀ ਹੈ ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਮੁਹੰਮਦ ਬਰਕਤ ਅਲੀ ਵੱਲੋਂ ਲਗਾਏ ਜਾ ਰਹੇ ਦੋਸ਼ ਸਹੀਂ ਨਹੀਂ ਹਨ। ਇਸ ਫੂਟੇਜ ਵਿੱਚ ਬਰਕਤ ਨੂੰ ਰੋਕਨ ਵਾਲਾ ਵਿਅਕਤੀ ਵੀ ਦੋਸ਼ੀ ਨਹੀਂ ਹੈ, ਫੂਟੇਜ ਵਿੱਚ ਨਾ ਹੀ ਬਰਕਤ ਦੀ ਟੋਪੀ ਸੁੱਟੀ ਜਾਂਦੀ ਦਿਖਾਈ ਦੇ ਰਹੀ ਹੈ ਅਤੇ ਨਾ ਹੀ ਉਸਦੇ ਕੱਪੜੇ ਪਾੜੇ ਜਾਂਦੇ।
ਪੁਲਿਸ ਮੁਤਾਬਕ ਦੋਵਾਂ ਧਿਰਾਂ ਦੀ ਬਹਿਸ ਦੌਰਾਨ ਬਰਕਤ ਦੀ ਟੋਪੀ ਜ਼ਮੀਨ 'ਤੇ ਡਿੱਗ ਗਈ ਅਤੇ ਫਿਰ ਉਸ ਨੇ ਟੋਪੀ ਆਪਣੀ ਜੇਬ ਵਿੱਚ ਪਾ ਲਈ। ਜਦਕਿ ਉਸ ਦੀ ਟੋਪੀ ਨੂੰ ਕਿਸੇ ਨੇ ਵੀ ਹੱਥ ਨਹੀਂ ਲਗਾਈਆ ਸੀ। ਹਲਾਂਕਿ ਫੂਟੇਜ ਵਿੱਚ ਦਿਖ ਰਿਹਾ ਹੈ ਕਿ ਦੋਸ਼ੀ ਬਰਕਤ ਅਲੀ ਦੀ ਬਾਹ 'ਤੇ ਡੰਡਾ ਮਾਰਦਾ ਨਜ਼ਰ ਆ ਰਿਹਾ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 50 ਤੋਂ ਵੱਧ ਸੀਸੀਟੀਵੀ ਕੈਮਰੇ ਖੰਗਾਲੇ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸ਼ਰਾਬ ਦੇ ਨਸ਼ੇ ਵਿੱਚ ਇਹ ਇੱਕ ਮਾਮੂਲੀ ਝੜਪ ਸੀ। ਜਿਸ ਨੂੰ ਕੁੱਝ ਲੋਕਾਂ ਵੱਲੋਂ ਕਮਿਊਨਲ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ।