ਨਵੀਂ ਦਿੱਲੀ: ਸੰਸਦ ਦਾ ਬਜਟ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸੰਸਦ ਦੇ ਦੋਵੇਂ ਸਦਨਾਂ ਦੀ ਸਾਂਝੀ ਬੈਠਕ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸੰਬੋਧਨ ਕੀਤਾ। ਸੰਸਦ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸੰਵਿਧਾਨ ਹੀ ਸਾਰਿਆਂ ਦਾ ਮਾਰਗਦਰਸ਼ਕ ਹੈ। ਇਸ ਦੇ ਨਾਲ ਹੀ ਉਨ੍ਹਾਂ ਕਰਤਾਰਪੁਰ ਲਾਂਘੇ ਦਾ ਵੀ ਜ਼ਿਕਰ ਕੀਤਾ।
ਕਰਤਾਰਪੁਰ ਲਾਂਘੇ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦੇਸ਼ ਤੇ ਦੁਨੀਆਂ ਨੇ ਮਨਾਇਆ। ਕਰਤਾਰਪੁਰ ਲਾਂਘੇ ਨੂੰ ਰਾਸ਼ਟਰ ਦੇ ਨਾਂਅ ਸਮਰਪਿਤ ਕੀਤਾ ਅਤੇ ਕੋਰੀਡੋਰ ਦਾ ਰਿਕਾਰਡ ਸਮੇਂ ਉੱਤੇ ਨਿਰਮਾਣ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਜਨਮ ਦਿਹਾੜਾ ਰਾਸ਼ਟਰੀ ਪੱਧਰ ਉੱਤੇ ਮਨਾਉਣ ਦਾ ਐਲਾਨ ਕੀਤਾ।
ਧਾਰਾ 370 ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਧਾਰਾ 370 ਅਤੇ 35 ਏ ਨੂੰ ਹਟਾਉਣਾ ਇੱਕ ਇਤਿਹਾਸਕ ਫੈਸਲਾ ਹੈ। ਇਸ ਨਾਲ ਉੱਥੇ ਵਿਕਾਸ ਦਾ ਰਸਤਾ ਸਾਫ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਦਕਾ ਸਾਲ 2020 ਤੱਕ ਸਿੱਕਿਮ, ਮਿਜੋਰਮ, ਮਣੀਪੁਰ ਅਤੇ ਨਾਗਾਲੈਂਡ ਦੀਆਂ ਰਾਜਧਾਨੀਆ ਰੇਲ ਨੈਟਵਰਕ ਨਾਲ ਜੁੜ ਜਾਣਗੀਆਂ।
ਰਾਸ਼ਟਰਪਤੀ ਕੋਵਿੰਦ ਨੇ ਕਿਹਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤਹਿਤ ਔਸਤ ਹਰ ਸਾਲ ਸਾਢੇ 5 ਕਰੋੜ ਤੋਂ ਵੀ ਜ਼ਿਆਦਾ ਕਿਸਾਨ ਬਹੁਤ ਘੱਟ ਪ੍ਰੀਮੀਅਰ ਉੱਤੇ ਆਪਣੀਆਂ ਫਸਲਾਂ ਦਾ ਬੀਮਾ ਕਰਵਾ ਰਹੇ ਹਨ।
ਇਸ ਯੋਜਨਾ ਤਹਿਤ ਬੀਤੇ ਤਿੰਨ ਸਾਲਾਂ ਵਿੱਚ ਕਿਸਾਨਾਂ ਨੂੰ ਲਗਭਗ 57 ਹਜ਼ਾਰ ਕਰੋੜ ਰੁਪਏ ਦੀ ਕਲੇਮ ਰਾਸ਼ੀ ਦਾ ਭੁਗਤਾਨ ਕੀਤਾ ਗਿਆ ਹੈ। ਕਿਸਾਨ ਸਾਡੇ ਦੇਸ਼ ਦਾ ਮੁੱਖ ਹਿੱਸਾ ਹਨ। ਇਸੇ ਨੂੰ ਲੈ ਕੇ ਆਰਗੈਨਿਕ ਖੇਤੀ, ਮੱਖੀ-ਪਾਲਣ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਰਾਹੀਂ ਕੋਈ ਵੀ ਸ਼ਰਣਾਰਥੀ ਭਾਰਤ ਵਿੱਚ ਸ਼ਰਣ ਲੈ ਸਕਦਾ ਹੈ। ਸੀਏਏ ਰਾਹੀਂ ਸਰਕਾਰ ਨੇ ਮਹਾਤਮਾ ਗਾਂਧੀ ਦੇ ਵਿਚਾਰ ਨੂੰ ਅੱਗੇ ਵਧਾਇਆ ਹੈ।