ਨਵੀਂ ਦਿੱਲੀ: ਚੀਨ 'ਚ ਜਾਨਲੇਵਾ ਕਹਿਰ ਮਚਾਉਣ ਵਾਲੇ ਕੋਰੋਨਾ ਵਾਇਰਸ ਨੇ ਭਾਰਤ 'ਚ ਵੀ ਦਸਤਕ ਦੇ ਦਿੱਤੀ ਹੈ। ਕੇਰਲ 'ਚ ਇਸ ਦਾ ਤੀਜਾ ਪਾਜੀਟਿਵ ਮਰੀਜ਼ ਮਿਲਿਆ ਹੈ। ਇਸ ਵਾਇਰਸ ਦੇ ਨਾਲ ਨਿਪਟਨ ਦੇ ਲਈ ਸੋਮਵਾਰ ਨੂੰ ਇੱਕ ਉੱਚ ਪੱਧਰੀ ਸਮੀਖਿਆ ਬੈਠਕ ਕੀਤੀ ਗਈ।
ਸਿਹਤ ਮੰਤਰਾਲਾ ਦੇ ਵਿਸ਼ੇਸ਼ ਸਕੱਤਰ ਸੰਜੀਵ ਕੁਮਾਰ ਨੇ ਮੀਟਿੰਗ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹੁਣ ਤੱਕ 445 ਉੜਾਨਾਂ ਦੇ 58,658 ਯਾਤਰੀਆਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ 142 ਯਾਤਰੀਆਂ ਨੂੰ ਆਈਸੋਲੇਸ਼ਨ (ਵੱਖਰੇ) ਵਾਰਡ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਰਲ ਵਿੱਚ ਇੱਕ ਹੋਰ ਕਰੋਨਾ ਵਾਇਰਸ ਦਾ ਮਾਮਲਾ ਵੀ ਸਾਹਮਣੇ ਆਇਆ ਹੈ।
ਉਨ੍ਹਾਂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਯਾਤਰਾਂ ਨੂੰ ਲੈ ਕੇ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਜਿਸ ਦੇ ਤਹਿਤ ਲੋਕਾਂ ਨੂੰ ਚੀਨ ਦੀ ਯਾਤਰਾ ਨਾ ਕਰਨ ਦੀ ਹਦਾਇਤ ਦਿੱਤੀ ਗਈ ਹੈ। 15 ਜਨਵਰੀ 2020 ਤੋਂ ਬਾਅਦ ਜਿਸ ਨੇ ਵੀ ਚੀਨ ਦੀ ਯਾਤਰਾ ਕੀਤੀ ਹੈ ਅਤੇ ਜੋ ਵੀ ਚੀਨ ਦੀ ਯਾਤਰਾ 'ਤੇ ਜਾਵੇਗਾ, ਵਾਪਸ ਪਰਤਨ 'ਤੇ ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਵੱਖਰੇ ਵਾਰਡ ਵਿੱਚ ਰਹਿਣਾ ਪਵੇਗਾ।
ਇਸ ਮੀਟਿੰਗ 'ਚ ਸਿਹਤ ਮੰਤਰਾਲਾ, ਵਿਦੇਸ਼ ਮੰਤਰਾਲਾ, ਗ੍ਰਹਿ ਮੰਤਰਾਲਾ, ਨਾਗਰਿਕ ਉੱਡਣ ਮੰਤਰਾਲਾ, ਸਿਹਤ ਵਿਭਾਗ ਦੇ ਸਕੱਤਰਾਂ ਦੇ ਨਾਲ ਆਈਟੀਬੀਪੀ, ਏਐਫਐਮਐਸ ਅਤੇ ਐਨਡੀਐਮਏ ਦੇ ਆਗੂ ਸ਼ਾਮਲ ਹੋਏ।
ਦੱਸ ਦੇਈਏ ਕਿ ਭਾਰਤ ਦੇ ਕੇਰਲ ਸੂਬੇ 'ਚ ਹੀ ਕੋਰੋਨਾ ਵਾਇਰਸ ਦੇ ਪਹਿਲੇ ਦੋ ਪਾਜੀਟਿਵ ਮਰੀਜ਼ ਮਿਲੇ ਹਨ। ਇਨ੍ਹਾਂ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਹਾਲਾਂਕਿ ਉਨ੍ਹਾਂ ਦੀ ਹਾਲਤ ਸਥਿਰ ਹੈ।