ਬੁਲੰਦਸ਼ਹਿਰ : ਗਾਜ਼ਿਆਬਾਦ ਤੋਂ ਕਾਂਗਰਸ ਦੇ ਸਾਬਕਾ ਸਾਂਸਦ ਸੁਰਿੰਦਰ ਗੋਇਲ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਕੋਰੋਨਾ ਵਾਇਰਸ ਤੋਂ ਪੀੜਤ ਸਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤੋਂ ਬਾਅਦ ਕਾਂਗਰਸੀਆਂ ਵਿੱਚ ਸੋਗ ਦੀ ਲਹਿਰ ਹੈ। ਦੱਸਣਯੋਗ ਹੈ ਕਿ ਸਾਬਕਾ ਸਾਂਸਦ ਸੁਰਿੰਦਰ ਗੋਇਲ ਸਿੱਟੀ ਬੋਰਡ ਦੇ ਚੇਅਰਮੈਨ ਵੀ ਰਹੇ। ਇਸ ਤੋਂ ਇਲਾਵਾ ਉਹ ਸੰਸਦ ਮੈਂਬਰ ਅਤੇ ਵਿਧਾਇਕ ਵੀ ਰਹੇ ਸਨ।
ਸੁਰਿੰਦਰ ਗੋਇਲ ਦੇ ਦੇਹਾਂਤ ਕਾਰਨ ਬੁਲੰਦਸ਼ਹਿਰ ਵਿੱਚ ਅੱਜ ਕਾਂਗਰਸ ਦੇ ਧਰਨੇ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਧਰਨਾ ਕਾਨੂੰਨ-ਵਿਵਸਥਾ ਦੇ ਮੁੱਦੇ 'ਤੇ ਸੂਬੇ ਦੀ ਕਾਂਗਰਸ ਮਹਿਲਾ ਵਿੰਗ ਦੀ ਅਗਵਾਈ 'ਚ ਹੋਣਾ ਸੀ।
ਜਾਣਕਾਰੀ ਮੁਤਾਬਕ ਸੁਰਿੰਦਰ ਗੋਇਲ ਦੀ ਕੋਰੋਨਾ ਟੈਸਟ ਦੀ ਆਖ਼ਰੀ ਰਿਪੋਰਟ ਨੈਗੇਟਿਵ ਆਈ ਸੀ। ਪਰਿਵਾਰ ਨੂੰ ਇਹ ਉਮੀਂਦ ਸੀ ਕਿ ਉਹ ਜਲਦ ਹੀ ਠੀਕ ਹੋ ਕੇ ਘਰ ਆ ਜਾਣਗੇ, ਪਰ ਅਜਿਹਾ ਨਾ ਹੋ ਸਕਿਆ।

ਸੁਰਿੰਦਰ ਗੋਇਲ ਦਾ ਸਿਆਸੀ ਸਫ਼ਰ
ਸੁਰਿੰਦਰ ਗੋਇਲ ਦੇ ਦੇਹਾਂਤ ਨਾਲ ਕਾਂਗਰਸ ਨੂੰ ਵੱਡਾ ਘਾਟਾ ਪਿਆ ਹੈ ਕਿਉਂਕਿ ਕਾਂਗਰਸ ਦੇ ਸੀਨੀਅਰ ਨੇਤਾਵਾਂ ਵਿੱਚੋਂ ਸੁਰਿੰਦਰ 1972 'ਚ ਨਗਰ ਪਾਲਿਕਾ ਗਾਜ਼ਿਆਬਾਦ ਦੇ ਮੈਂਬਰ ਚੁੱਣੇ ਗਏ 1973 'ਚ ਨਗਰ ਪਾਲਿਕਾ ਦੇ ਚੇਅਰਮੈਨ ਬਣੇ ਅਤੇ ਇਸ ਤੋਂ ਬਾਅਦ ਮੁੜ 2002 ਵਿੱਚ ਸ਼ਹਿਰ ਦੇ ਵਿਧਾਇਕ ਰਹੇ। ਸਾਲ 2004 ਵਿੱਚ ਉਹ ਪਹਿਲੀ ਵਾਰ ਕਾਂਗਰਸ ਤੋਂ ਸਾਂਸਦ ਚੁਣੇ ਗਏ ਸਨ। ਜਦੋਂ ਕੇਂਦਰ 'ਚ ਕਾਂਗਰਸ ਦੀ ਸਰਕਾਰ ਸੀ, ਸੁਰਿੰਦਰ ਪ੍ਰਕਾਸ਼ ਗੋਇਲ ਨੇ ਸੰਸਦ ਮੈਂਬਰ ਵਜੋਂ ਸ਼ਹਿਰ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਨਾਲ ਜ਼ਮੀਨੀ ਪੱਧਰ 'ਤੇ ਕਾਂਗਰਸ ਨੂੰ ਕਾਫ਼ੀ ਤਾਕਤ ਮਿਲੀ।
ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਾਜੀਵ ਤਿਆਗੀ ਦਾ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਲਗਾਤਾਰ ਦੋ ਦਿਨਾਂ ਵਿੱਚ ਦੋ ਨੇਤਾਵਾਂ ਦੀ ਮੌਤ ਨਾਲ ਕਾਂਗਰਸ ਪਾਰਟੀ 'ਚ ਸੋਗ ਦੀ ਲਹਿਰ ਹੈ।