ਮੁੰਬਈ: ਇਹ ਹਾਦਸਾ ਵੀਰਵਾਰ ਸ਼ਾਮ ਵਾਪਰਿਆ ਤੇ ਜਾਣਕਾਰੀ ਅਨੁਸਾਰ ਜ਼ਖ਼ਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਜਖ਼ਮੀਆਂ ਵਿੱਚੋਂ 4-5 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਉੱਥੇ ਹੀ ਮਲਬੇ ਵਿੱਚ ਹੁਣ ਵੀ 10 ਤੋਂ ਜ਼ਿਆਦਾ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਦਸਾ ਵੀਰਵਾਰ ਸ਼ਾਮ ਕਰੀਬ 7:30 ਵਜੇ ਹੋਇਆ। ਜਿਸ ਸਮੇਂ ਇਹ ਘਟਨਾ ਹੋਈ ਪੀਕ ਆਵਰ ਹੋਣ ਕਾਰਨ ਪੁੱਲ ਦੇ ਹੇਠਾਂ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਮੌਕੇ ਦੇ ਗਵਾਹਾਂ ਅਨੁਸਾਰ, ਹਾਦਸੇ ਤੋਂ ਬਾਅਦ ਬ੍ਰਿਜ ਦੇ ਮਲਬੇ ਵਿੱਚ ਕਈ ਲੋਕ ਦੱਬ ਗਏ ਅਤੇ ਇੱਥੇ ਮੌਜੂਦ ਕੁੱਝ ਵਾਹਨਾਂ ਨੂੰ ਵੀ ਨੁਕਸਾਨ ਹੋਇਆ ਹੈ। ਦੂਜੇ ਪਾਸੇ ਮੌਕੇ ਉੱਤੇ ਪਹੁੰਚੀ ਐਨਡੀਆਰਐਫ, ਰੇਲਵੇ ਅਤੇ ਮੁੰਬਈ ਪੁਲਿਸ ਦੀਆਂ ਟੀਮਾਂ ਨੇ ਤੱਤਕਾਲ ਜਖ਼ਮੀਆਂ ਨੂੰ ਸੇਂਟ ਜਾਰਜ ਹਸਪਤਾਲ ਅਤੇ ਗੋਕੁਲਦਾਸ ਤੇਜਪਾਲ ਹਸਪਤਾਲ ਪਹੁੰਚਾਇਆ।
ਸਰਕਾਰ ਕਰਵਾਏਗੀ ਹਾਦਸੇ ਦੀ ਜਾਂਚ
ਰੇਲਵੇ ਦੇ ਸੂਤਰਾਂ ਅਨੁਸਾਰ, ਇਸ ਬ੍ਰਿਜ ਦੇ ਮਲਬੇ ਵਿੱਚ ਹੁਣ ਵੀ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ ਤੇ ਵੱਡੇ ਪੱਧਰ ਉੱਤੇ ਰਾਹਤ ਤੇ ਬਚਾਅ ਕਾਰਜ ਜਾਰੀ ਹੈ। ਕੇਂਦਰੀ ਰੇਲਵੇ ਦੇ ਡੀਆਰਐਮ ਡੀਕੇ ਸ਼ਰਮਾ ਅਨੁਸਾਰ, ਜਿਸ ਬ੍ਰਿਜ ਦੇ ਡਿੱਗਣ ਨਾਲ ਇਹ ਹਾਦਸਿਆ ਹੋਇਆ ਉਸਦੀ ਸਾਂਭ ਸੰਭਾਲ ਦਾ ਕੰਮ ਬੀਐਮਸੀ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਬ੍ਰਿਜ ਦੀ ਉਸਾਰੀ ਦੀ ਕਾਰਜ ਰੇਲਵੇ ਨੇ ਕਰਾਇਆ ਸੀ, ਪਰ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਬੀਐਮਸੀ ਦੀ ਹੀ ਸੀ।
ਉੱਥੇ ਹੀ ਮੰਤਰੀ ਵਿਨੋਦ ਤਾਵੜੇ ਨੇ ਕਿਹਾ, ਬ੍ਰਿਜ ਦਾ ਇੱਕ ਸਲੈਬ ਡਿੱਗਿਆ ਹੈ। ਰੇਲਵੇ ਅਤੇ ਬੀਐਮਸੀ ਇਸਦੀ ਮੇਂਟੇਨੈਂਸ ਦੇ ਬਾਰੇ ਜਾਂਚ ਕਰਾਉਣਗੇ।ਬ੍ਰਿਜ ਖਰਾਬ ਕੰਡੀਸ਼ਨ ਵਿੱਚ ਨਹੀਂ ਸੀ, ਇਸ ਵਿੱਚ ਛੋਟੀ-ਮੋਟੀ ਰਿਪੇਇਰਿੰਗ ਦੀ ਜ਼ਰੂਰਤ ਸੀ, ਜੋ ਜਾਰੀ ਸੀ। ਕੰਮ ਪੂਰਾ ਨਹੀਂ ਹੋਇਆ ਫਿਰ ਵੀ ਇਸ ਬ੍ਰਿਜ ਨੂੰ ਚਾਲੂ ਰੱਖਿਆ ਗਿਆ ਸੀ, ਇਸ ਬਾਰੇ ਜਾਂਚ ਕੀਤੀ ਜਾਵੇਗੀ।
PM ਮੋਦੀ ਨੇ ਪ੍ਰਗਟਾਇਆ ਸੋਗ
ਇਸ ਵੱਡੇ ਹਾਦਸੇ ਨੂੰ ਲੈ ਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ 'ਚ ਉਹ ਮ੍ਰਿਤਕਾਂ ਦੇ ਪਰਿਵਾਰਾਂ ਦੇ ਨਾਲ ਹਨ ਤੇ ਉਹ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਹਰ ਸਮੇਂ ਹਾਦਸੇ ਦੇ ਪੀੜਤਾਂ ਦੇ ਨਾਲ ਖੜ੍ਹੀ ਹੈ।