ਪਟਨਾ: ਬਿਹਾਰ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਆਪਦਾ ਪ੍ਰਬੰਧਨ ਵਿਭਾਗ ਨੇ ਹੁਣ ਤੱਕ 40 ਲੋਕਾਂ ਦੀ ਮੌਤ ਅਤੇ 9 ਲੋਕਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਮਾਰੇ ਗਏ ਲੋਕਾਂ ਦੇ ਪਰਿਵਾਰ ਨੂੰ ਸਰਕਾਰ ਵੱਲੋਂ 4-4 ਲੱਖ ਰੁਪਏ ਦਾ ਮੁਆਵਜਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਪ੍ਰਧਾਨਮੰਤਰੀ ਨੇ ਮਦਦ ਦਾ ਦਿੱਤਾ ਭਰੋਸਾ
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਵਿੱਚ ਆਏ ਹੜ੍ਹਾਂ ਬਾਰੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਨੇ ਨਿਤੀਸ਼ ਕੁਮਾਰ ਨੂੰ ਕੇਂਦਰ ਤੋਂ ਹਰ ਸੰਭਵ ਸਹਾਇਤਾ ਲਈ ਕਿਹਾ ਹੈ। ਪੀਐਮ ਨੇ ਟਵੀਟ ਕਰਦੇ ਹੋਏ ਲਿਖਿਆ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਰਾਜ ਦੇ ਕੁਝ ਹਿੱਸਿਆਂ ਵਿੱਚ ਹੜ੍ਹਾਂ ਦੀ ਸਥਿਤੀ ਬਾਰੇ ਗੱਲਬਾਤ ਕੀਤੀ ਹੈ। ਏਜੰਸੀਆਂ ਸਥਾਨਕ ਪ੍ਰਸ਼ਾਸਨ ਨਾਲ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਕੰਮ ਕਰ ਰਹੀਆਂ ਹਨ। ਕੇਂਦਰ ਬਿਹਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।
16 ਲੱਖ 56 ਹਜ਼ਾਰ ਲੋਕ ਹੜ੍ਹਾਂ ਤੋਂ ਪ੍ਰਭਾਵਤ
ਬਾਰਿਸ਼ ਦਾ ਪਾਣੀ ਘਰਾਂ ਵਿੱਚ ਵੜਣ ਕਾਰਨ ਲੋਕ ਬੇਘਰ ਹੋ ਗਏ ਹਨ। ਐੱਸਡੀਆਰਐੱਫ ਅਤੇ ਐਨਡੀਆਰਐੱਫ ਵੱਲੋਂ ਪਾਣੀ ਵਿਚ ਫ਼ਸੇ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਜਾ ਰਿਹਾ ਹੈ। ਪਟਨਾ, ਭੋਜਪੁਰ, ਭਾਗਲਪੁਰ, ਜਹਾਨਾਬਾਦ, ਨਾਲੰਦਾ, ਖਗੜੀਆ, ਸਮਸਤੀਪੁਰ, ਲਖਿਸਾਰਾਏ, ਬੇਗੂਸਰਾਏ, ਵੈਸ਼ਾਲੀ, ਬਕਸਰ, ਕਟਿਹਾਰ, ਅਰਵਾਲ ਅਤੇ ਦਰਭੰਗਾ ਵਿੱਚ ਹੜ੍ਹਾਂ ਨੇ 16 ਲੱਖ 56 ਹਜ਼ਾਰ ਆਬਾਦੀ ਨੂੰ ਪ੍ਰਭਾਵਤ ਕੀਤਾ।
ਲਗਾਤਾਰ ਹੋ ਰਹੀ ਬਾਰਿਸ਼ ਦੇ ਚਲਦੇ ਮੌਸਮ ਵਿਭਾਗ ਵੱਲੋਂ ਬਿਹਾਰ ਤੋਂ ਪਟਨਾ ਸਮੇਤ ਕਈ ਜਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ 27 ਜਿਲ੍ਹਿਆਂ ਵਿੱਚ ਹੁਣ ਤੱਕ 100ਮੀਮੀ ਤੱਕ ਬਾਰਿਸ਼ ਹੋ ਚੁੱਕੀ ਹੈ।