ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ 13 ਅਕਤੂਬਰ ਨੂੰ ਪਾਕਿਸਤਾਨ ਲਿਜਾਏ ਜਾਣ ਵਾਲਾ ਨਗਰ ਕੀਰਤਨ ਮੁਲਤਵੀ ਕਰ ਦਿੱਤਾ ਗਿਆ।
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬੀਤੀ ਸ਼ਾਮ ਜਾਰੀ ਹੁਕਮਾਂ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਨਗਰ ਕੀਰਤਨ ਲਈ ਲੋੜੀਂਦੇ ਦਸਤਾਵੇਜ਼ ਤੇ ਪਰਮਿਸ਼ਨ ਲਈ ਪਹਿਲਾਂ ਅਪਲਾਈ ਕੀਤਾ ਗਿਆ ਸੀ। ਇਸ ਕਰਕੇ ਹੁਣ ਇਹ ਇਤਿਹਾਸਕ ਨਗਰ ਕੀਰਤਨ ਉਹ ਹੀ ਲੈ ਕੇ ਜਾਣਗੇ।
ਅਕਾਲ ਤਖ਼ਤ ਦੇ ਹੁਕਮਾਂ ਨੂੰ ਮੰਨਦਿਆਂ ਦਿੱਲੀ ਕਮੇਟੀ ਵੱਲੋਂ ਲਿਜਾਏ ਜਾਣ ਵਾਲਾ ਨਗਰ ਕੀਰਤਨ ਫਿਰ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਗਿਆ ਹੈ। ਜਥੇਦਾਰ ਅਕਾਲ ਤਖ਼ਤ ਵੱਲੋਂ ਨਗਰ ਕੀਰਤਨ ਦੇ ਲਈ ਜੋ ਸੋਨਾ ਤੇ ਮਾਇਆ ਭੇਟਾ ਹੋਈ ਹੈ ਉਸ ਦਾ ਹਿਸਾਬ ਵੀ ਮੰਗਿਆ ਗਿਆ।
ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਹ ਸਾਰਾ ਹਿਸਾਬ ਕਮੇਟੀ ਕੋਲ ਹੈ ਤੇ ਇਹ ਦੇ ਦਿੱਤਾ ਜਾਵੇਗਾ। ਕਮੇਟੀ ਵੱਲੋਂ ਜਾਰੀ ਕੀਤੇ ਗਏ ਸੋਨੇ ਦੇ ਸਿੱਕਿਆਂ ਦੀ ਵੇਚ ਤੇ ਖ਼ਰੀਦ ਤੇ ਜੋ ਵੀ ਪੈਸਾ ਬਚੇਗਾ ਉਸ ਨੂੰ ਗ਼ਰੀਬ ਬੱਚਿਆਂ ਦੀ ਪੜ੍ਹਾਈ 'ਤੇ ਲਗਾ ਦਿੱਤਾ ਜਾਵੇਗਾ ਜਿਸ ਬਾਰੇ ਕਮੇਟੀ ਦੀ ਮੀਟਿੰਗ ਵਿੱਚ ਪਹਿਲਾਂ ਹੀ ਫ਼ੈਸਲੇ ਲਏ ਜਾ ਚੁੱਕੇ ਹਨ।