ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਕਰਨ ਆਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸੀਏਏ, ਐਨਆਰਸੀ ਜਾਂ ਕਿਸੇ ਹੋਰ ਬਹਿਸ ਦੇ ਮੁੱਦੇ ਨੂੰ ਨਾ ਛੇਡਦੇ ਹੋਏ ਬੇਰੁਜ਼ਗਾਰੀ ਨੂੰ ਮੁੱਦਾ ਬਣਾਇਆ। ਲੱਗਭੱਗ 17 ਮਿੰਟ ਦਿੱਤੇ ਗਏ ਇਸ ਭਾਸ਼ਣ ਵਿੱਚ ਉਨ੍ਹਾਂ ਨੇ ਜ਼ਿਆਦਾਤਰ ਹਿੱਸਾ ਬੇਰੁਜ਼ਗਾਰੀ ਅਤੇ ਕਾਂਗਰਸ ਚੋਣ ਮਨੋਰਥ ਪੱਤਰ ਵਿੱਚ ਕੀਤੇ ਗਏ ਰੁਜ਼ਗਾਰ ਦੇ ਮੁੱਦਿਆਂ ਨੂੰ ਦਿੱਤਾ।
ਡਾ. ਸਿੰਘ ਨੇ ਪਹਿਲਾਂ ਹੀ ਇਹ ਸਾਫ਼ ਕਰ ਦਿੱਤਾ ਸੀ ਕਿ ਉਹ ਕਿਸੇ ਵੀ ਪਾਰਟੀ ਦੀ ਨਿੰਦਾ ਨਹੀਂ ਕਰਨਾ ਚਾਹੁੰਦੇ। ਸਗੋਂ ਉਹ ਉਸ ਮੁੱਦਿਆਂ ਦੀ ਗੱਲ ਕਰਨਗੇ ਜਿਹੜੇ ਨੌਜਵਾਨਾਂ ਨੂੰ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਕਾਂਗਰਸ ਨੂੰ ਵੋਟ ਦੇਣ ਜੋ ਕਿ ਤੁਹਾਡੇ ਮਸਲਿਆਂ ਦਾ ਹੱਲ ਕਰੇਗੀ।
ਦਰਅਸਲ ਸਾਬਕਾ ਪ੍ਰਧਾਨ ਮੰਤਰੀ ਇੱਥੇ ਰਾਜੌਰੀ ਗਾਰਡਨ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਮਨਦੀਪ ਸਿੰਘ ਸੁਦਨ ਦਾ ਪ੍ਰਚਾਰ ਕਰਨ ਲਈ ਪਹੁੰਚੇ ਸੀ। ਦਿੱਲੀ ਚੋਣਾਂ ਵਿੱਚ ਡਾ. ਸਿੰਘ ਦੀ ਇਹ ਪਹਿਲੀ ਜਨਸਭਾ ਸੀ।
ਡਾ. ਮਨਮੋਹਨ ਸਿੰਘ ਨੇ ਇੱਥੇ ਭਾਸ਼ਣ ਦੀ ਸ਼ੁਰੂਆਤ ਦੌਰਾਨ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਸ਼ੀਲਾ ਦਿਕਸ਼ਿਤ ਨੂੰ ਸ਼ਰਧਾਂਜਲੀ ਦੇ ਕੇ ਕੀਤੀ। ਉਨ੍ਹਾਂ ਕਿਹਾ ਕਿ ਉਹ ਅੱਜ ਅਜਿਹੀ ਸ਼ਖਸ਼ੀਅਤ ਨੂੰ ਯਾਦ ਕਰਨਾ ਚਾਹੁੰਦੇ ਹਨ ਜਿੰਨਾਂ ਨੇ ਦਿੱਲੀ ਦਾ ਵਿਕਾਸ ਕੀਤਾ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਬੇਰੁਜ਼ਗਾਰੀ ਵਧ ਰਹੀ ਹੈ, ਪੜ੍ਹਾਈ ਕਰਨ ਅਤੇ ਪੈਸੇ ਖ਼ਰਚ ਕਰਨ ਤੋਂ ਬਾਅਦ ਵੀ ਨੌਕਰੀ ਨਾ ਮਿਲੇ ਤਾਂ ਇਹ ਪਰੇਸ਼ਾਨ ਕਰਦਾ ਹੈ। ਇਸ ਦੌਰਾਨ ਉਨ੍ਹਾਂ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਗਏ ਵਾਅਦੇ ਨੂੰ ਦਹਰਾਉਂਦੇ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਨ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ।