ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਨਾਲ ਹੋਈ ਮੁਲਾਕਾਤ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਉਹ ਦਿੱਲੀ ਸਰਕਾਰ ਨੂੰ ਰੇਲਵੇ ਕੋਚ ਦੇਵੇਗੀ। ਇਨ੍ਹਾਂ ਰੇਲਵੇ ਕੋਚਾਂ ਵਿੱਚ ਲਗਭਗ 4800 ਬਿਸਤਰਿਆਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਬਾਅਦ ਦਿੱਲੀ ਸਰਕਾਰ ਨੇ 10 ਤੋਂ 49 ਬਿਸਤਰਿਆਂ ਦੀ ਸਮਰੱਥਾ ਵਾਲੇ ਛੋਟੇ ਨਰਸਿੰਗ ਹੋਮ ਨੂੰ ਕੋਰੋਨਾ ਹਸਪਤਾਲ ਬਣਾਉਣ ਦੇ ਫ਼ੈਸਲੇ ਨੂੰ ਵਾਪਸ ਲੈ ਲਿਆ ਹੈ।
ਦਿੱਲੀ ਸਰਕਾਰ ਦੇ ਸੂਤਰਾਂ ਅਨੁਸਾਰ, ਇਸ ਵਿਵਸਥਾ ਤੋਂ ਬਾਅਦ ਨਰਸਿੰਗ ਹੋਮਜ਼ ਦੀ ਹੁਣ ਲੋੜ ਨਹੀਂ ਰਹੇਗੀ। ਇਹੀ ਕਾਰਨ ਹੈ ਕਿ ਦਿੱਲੀ ਸਰਕਾਰ ਨੇ ਇਹ ਫ਼ੈਸਲਾ ਵਾਪਸ ਲੈ ਲਿਆ ਹੈ। ਹਾਲਾਂਕਿ, ਹੋਟਲਾਂ ਵਿਚ 4000 ਬਿਸਤਰੇ ਅਤੇ ਦਾਅਵਤ ਹਾਲਾਂ ਵਿਚ 11 ਹਜ਼ਾਰ ਬਿਸਤਰਿਆਂ ਦੀ ਤਿਆਰੀ ਚੱਲ ਰਹੀ ਹੈ।
ਕਿਉਂ ਪਈ ਨਰਸਿੰਗ ਹੋਮਜ਼ ਦੀ ਲੋੜ ?
ਰਾਜਧਾਨੀ ਦਿੱਲੀ ਵਿੱਚ ਪਿਛਲੇ 3 ਦਿਨਾਂ ਵਿੱਚ 6 ਹਜ਼ਾਰ ਤੋਂ ਵੱਧ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੁੱਲ ਗਿਣਤੀ 41 ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਵਾਧੇ ਨਾਲ ਹਸਪਤਾਲਾਂ ਵਿਚ ਬਿਸਤਰੇ ਦੀ ਮੰਗ ਵੀ ਵੱਧ ਰਹੀ ਹੈ। ਇਸ ਦੇ ਮੱਦੇਨਜ਼ਰ, ਦਿੱਲੀ ਸਰਕਾਰ ਨੇ ਛੋਟੇ ਨਰਸਿੰਗ ਹੋਮਜ਼ ਨੂੰ ਕੋਰੋਨਾ ਦਾ ਇਲਾਜ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਸਨ।
ਇਨ੍ਹਾਂ ਨਰਸਿੰਗ ਹੋਮਜ਼ ਨੂੰ ਅਗਲੇ ਤਿੰਨ ਦਿਨਾਂ ਵਿਚ ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਆਪਣੇ ਆਪ ਨੂੰ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਸਨ ਅਤੇ ਜੇਕਰ ਹੁਕਮ ਦੀ ਪਾਲਣਾ ਨਾ ਕੀਤੀ ਗਈ ਤਾਂ ਕਾਰਵਾਈ ਕੀਤੇ ਜਾਣ ਦੀ ਗੱਲ ਵੀ ਆਖੀ ਗਈ ਸੀ। ਪਰ ਹੁਣ ਇਹ ਹੁਕਮ ਵਾਪਸ ਲੈ ਲਿਆ ਗਿਆ ਹੈ।
ਕਿਉਂ ਪਈ ਰੇਲਵੇ ਕੋਚ ਦੀ ਲੋੜ
ਤੁਹਾਨੂੰ ਦੱਸ ਦੇਈਏ ਕਿ ਦਿੱਲੀ ਸਰਕਾਰ ਨੂੰ 30 ਜੂਨ ਤੱਕ 15000 ਬਿਸਤਰਿਆਂ ਦੀ ਜ਼ਰੂਰਤ ਹੋਏਗੀ ਅਤੇ 15 ਜੁਲਾਈ ਨੂੰ ਇਹ ਗਿਣਤੀ ਵਧ ਕੇ 33 ਹਜ਼ਾਰ ਹੋ ਜਾਵੇਗੀ। ਇਸ ਨੂੰ ਧਿਆਨ ਵਿਚ ਰੱਖਦਿਆਂ, ਦਿੱਲੀ ਸਰਕਾਰ ਆਪਣੀਆਂ ਤਿਆਰੀਆਂ ਕਰ ਰਹੀ ਹੈ।