ਨਵੀਂ ਦਿੱਲੀ : ਦਿੱਲੀ ਵਿਧਾਨ ਸਭਾ ਚੋਣਾਂ ਲਈ ਠੰਡ ਦੇ ਮੌਸਮ ਵਿੱਚ ਸਿਆਸਤ ਗਰਮ ਹੁੰਦੀ ਜਾ ਰਹੀ ਹੈ। ਮੰਗਲਵਾਰ ਨੂੰ ਕੜਕੜਡੂਮਾ ਦੇ ਸੀਬੀਡੀ ਮੈਦਾਨ ਤੋਂ ਪਹਿਲੀ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਉੱਥੇ ਹੀ ਮੋਦੀ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਸ਼ਾਹੀਨ ਬਾਗ 'ਚ ਹੋ ਰਹੇ ਪ੍ਰਦਰਸ਼ਨ ਨੂੰ ਲੈ ਕੇ ਵੀ ਬਿਆਨ ਦਿੱਤਾ ਹੈ।
ਮੋਦੀ ਨੇ ਕੇਜਰੀਵਾਲ 'ਤੇ ਵਿੰਨ੍ਹੇ ਨਿਸ਼ਾਨੇ
ਰੈਲੀ ਵਿੱਚ ਮੋਦੀ ਨੇ ਕਿਹਾ ਕਿ ਕੁਝ ਲੋਕ ਰਾਜਨੀਤੀ ਬਦਲਣ ਆਏ ਸਨ, ਹੁਣ ਉਨ੍ਹਾਂ ਦਾ ਨਕਾਬ ਉੱਤਰ ਗਿਆ ਹੈ। ਉਨ੍ਹਾਂ ਦਾ ਅਸਲੀ ਰੰਗ ਰੂਪ ਅਤੇ ਮਕਸਦ ਸਾਹਮਣੇ ਆ ਗਿਆ ਹੈ। ਪੀਐਮ ਨੇ ਕਿਹਾ ਕਿ ਜਦੋਂ ਸਰਜੀਕਲ ਸਟ੍ਰਾਈਕ ਹੋਈ ਸੀ, ਉਸ ਸਮੇਂ ਦੇਸ਼ ਦੇ ਵੀਰ ਜਵਾਨਾਂ ਨੂੰ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ ਗਿਆ ਸੀ।
ਸ਼ਾਹੀਨ ਬਾਗ਼ ਵਿੱਚ ਹੋ ਰਿਹਾ ਪ੍ਰਦਰਸ਼ਨ ਸੰਯੋਗ ਨਹੀਂ
ਮੋਦੀ ਨੇ ਸ਼ਾਹੀਨ ਬਾਗ਼ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਇਹ ਸੰਯੋਗ ਨਹੀਂ ਪ੍ਰਯੋਗ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀਲਮਪੁਰ, ਜਾਮਿਆ ਅਤੇ ਸ਼ਾਹੀਨ ਬਾਗ ਵਿੱਚ ਚੱਲ ਰਹੇ ਪ੍ਰਦਰਸ਼ਨ ਨੂੰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ ਸਾਜਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਲੋਕਾਂ ਨੂੰ ਭੜਕਾ ਰਹੀ ਹੈ।
ਟੁਕੜੇ-ਟੁਕੜੇ ਗੈਂਗ ਨੂੰ ਬਚਾਇਆ
ਮੋਦੀ ਨੇ ਕਿਹਾ ਕਿ ਯਾਦ ਕਰੋਂ, ਜਦੋਂ ਅੱਤਵਾਦੀ ਹਮਲੇ ਦੇ ਦੋਸ਼ੀਆਂ ਨੂੰ ਦਿੱਲੀ ਪੁਲਿਸ ਨੇ ਬਾਟਲਾ ਹਾਊਸ ਵਿੱਚ ਢੇਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੂੰ ਫਰਜੀ ਐਨਕਾਊਂਟਰ ਕਿਹਾ ਗਿਆ ਸੀ। ਇਹ ਉਹ ਲੋਕ ਹਨ ਜਿਨ੍ਹਾਂ ਨੇ ਬਾਟਲਾ ਹਾਊਸ ਵਿੱਚ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਦਿੱਲੀ ਪੁਲਿਸ 'ਤੇ ਕਾਰਵਾਈ ਦੀ ਮੰਗ ਕੀਤੀ ਸੀ।
ਬਜਟ ਨਾਲ ਦਿੱਲੀ ਦੇ ਲੋਕਾਂ ਨੂੰ ਮਿਲੇਗਾ ਲਾਭ
ਪੀਐਮ ਨੇ ਕਿਹਾ ਕਿ ਸ਼ਨੀਵਾਰ ਨੂੰ ਜੋ ਬਜਟ ਪੇਸ਼ ਕੀਤਾ ਗਿਆ ਹੈ, ਉਹ ਇਸ ਸਾਲ ਦੇ ਲਈ ਨਹੀਂ ਬਲਕਿ ਪੂਰੇ ਦਹਾਕੇ ਦਾ ਬਜਟ ਹੈ। ਇਸ ਬਜਟ ਦਾ ਲਾਭ ਦਿੱਲੀ ਦੇ ਨੌਜਵਾਨਾਂ, ਕਾਰੋਬਾਰੀਆਂ, ਗਰੀਬਾਂ ਅਤੇ ਔਰਤਾਂ ਸਾਰਿਆਂ ਨੂੰ ਹੋਵੇਗਾ।