ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਕਾਬੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਜਨਤਾ ਕਰਫਿਊ’ ਦਾ ਐਲਾਨ ਕੀਤਾ। ਪੀਐੱਮ ਦੇ ਇਸ ਐਲਾਨ ਦਾ ਸਾਰੇ ਦੇਸ਼ ਵਾਸੀਆਂ ਨੇ ਸਹਿਯੋਗ ਕੀਤਾ ਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪਹਿਲ ਕੀਤੀ। ਦੇਸ਼ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 396 ਹੋ ਗਈ ਹੈ। ਅੱਜ 26 ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਇਸ ਵਾਇਰਸ ਨਾਲ 7 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਇਸ ਦੀ ਜਾਣਕਾਰੀ ਪੱਤਰਕਾਰਾਂ ਨਾਲ ਸਾਂਝੀ ਕੀਤੀ ਹੈ। ਸਿਹਤ ਮੰਤਰਾਲੇ ਮੁਤਾਬਕ 22 ਮਾਰਚ ਦੁਪਹਿਰ ਤੱਕ ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ 341 ਮਾਮਲਿਆਂ ਦੀ ਪੁਸ਼ਟੀ ਹੋਈ ਸੀ। ਹੁਣ ਸਿਹਤ ਮੰਤਰਾਲੇ ਦੀ ਨਵੀਂ ਰਿਪੋਰਟ 'ਚ ਕੁੱਲ 396 ਮਾਮਲੇ ਸਾਹਮਣੇ ਆਏ ਹਨ।
ਸੰਯੁਕਤ ਸਿਹਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਸਰਕਾਰ ਕੋਵਿਡ -19 ਨੂੰ ਲੈ ਕੇ ਸਖ਼ਤ ਕਦਮ ਚੁੱਕ ਰਹੀ ਹੈ। ਇਸ ਦੇ ਲਾਗ ਨੂੰ ਰੋਕਣ ਲਈ ਸਰਕਾਰ ਨੇ ਰਾਜਾਂ ਨੂੰ 75 ਜ਼ਿਲ੍ਹਿਆਂ ਵਿੱਚ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਾਰੀਆਂ ਸੇਵਾਵਾਂ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਐਮਆਰ) ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਕਿਹਾ ਕਿ ਪ੍ਰਸਾਰਣ ਦੀ ਲੜੀ ਨੂੰ ਤੋੜਨ ਲਈ ਸਭ ਤੋਂ ਜ਼ਰੂਰੀ ਹੈ ਕਿ ਬਾਹਰੋਂ ਆਉਣ ਵਾਲੇ ਵਿਅਕਤੀਆਂ ਨੂੰ ਅਲੱਗ ਕੀਤਾ ਜਾਵੇ।
ਕੋਰੋਨਾ ਵਾਇਰਸ ਖ਼ਿਲਾਫ ਇੱਕਜੁਟ ਹੋਇਆ ਭਾਰਤ, ਦੇਸ਼ ਭਰ ਵਿੱਚ ਤਾੜੀਆਂ ਦੀ ਗੂੰਜ
ਇਸ ਵਾਇਰਸ ਨਾਲ 7 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਬਿਹਾਰ ਅਤੇ ਮਹਾਰਾਸ਼ਟਰ ਵਿੱਚ ਐਤਵਾਰ ਨੂੰ 2 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਇਸ ਤੋਂ ਇਲਾਵਾ 7ਵੀਂ ਮੌਤ ਗੁਜਰਾਤ ਦੇ ਸੂਰਤ 'ਚ ਹੋਈ ਹੈ। ਬਿਹਾਰ ਵਿੱਚ ਇੱਕ 38 ਸਾਲਾਂ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਮੰਨਿਆ ਜਾਂਦਾ ਹੈ ਕਿ ਉਹ ਹੁਣ ਤੱਕ ਮ੍ਰਿਤਕਾਂ ਵਿੱਚ ਸਭ ਤੋਂ ਛੋਟਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਹਾਲ ਹੀ ਵਿੱਚ ਕਤਰ ਤੋਂ ਵਾਪਸ ਆਇਆ ਸੀ।
ਮੁੰਬਈ 'ਚ ਵੀ ਇਸ ਵਾਇਰਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਉਹ 63 ਸਾਲਾਂ ਦਾ ਸੀ ਅਤੇ ਉਸ ਨੂੰ ਸ਼ੂਗਰ, ਬੀਪੀ ਵਰਗੀਆਂ ਹੋਰ ਬਿਮਾਰੀਆਂ ਸਨ। ਕੋਰੋਨਾ ਦੇ ਅਜਿਹੇ ਦੋ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਦਾ ਵਿਦੇਸ਼ ਜਾਣ ਦਾ ਕੋਈ ਰਿਕਾਰਡ ਨਹੀਂ ਹੈ। ਪੁਣੇ, ਮਹਾਰਾਸ਼ਟਰ ਦੀ ਇੱਕ ਔਰਤ ਅਤੇ ਪੱਛਮੀ ਬੰਗਾਲ ਵਿੱਚ ਇੱਕ 57 ਸਾਲਾਂ ਵਿਅਕਤੀ ਦੇ ਵਿਦੇਸ਼ ਯਾਤਰਾ ਕੀਤੇ ਬਿਨਾਂ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ।