ਸ੍ਰੀਨਗਰ: ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸਿਰਹਮਾ ਪਿੰਡ ਵਿੱਚ ਵੀਰਵਾਰ ਸ਼ਾਮ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਚੱਲ ਰਹੇ ਮੁਕਾਬਲੇ ਵਿੱਚ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਮਾਰੇ ਗਏ। ਹਾਲਾਂਕਿ, ਮੁਕਾਬਲੇ ਦੇ ਸਥਾਨ ਨੇੜੇ ਪਹੁੰਚੇ ਚਾਰ ਸਥਾਨਿਕ ਨਾਗਰਿਕ ਇੱਕ ਧਮਾਕੇ ਵਿੱਚ ਜ਼ਖ਼ਮੀ ਹੋ ਗਏ।
ਇਸ ਘਟਨਾ ਨਾਲ ਇਲਾਕੇ ਵਿੱਚ ਗੁੱਸਾ ਭੜਕਿਆ ਹੈ। ਲੋਕਾਂ ਨੇ ਇਹ ਸਵਾਲ ਉਠਾਇਆ ਕਿ ਮੁੱਠਭੇੜ ਖ਼ਤਮ ਹੋਣ ਤੋਂ ਪਹਿਲਾਂ ਜਨਤਾ ਨੂੰ ਇਸ ਖੇਤਰ ਦਾ ਦੌਰਾ ਕਰਨ ਦੀ ਇਜਾਜ਼ਤ ਕਿਉਂ ਦਿੱਤੀ ਗਈ? ਇਸ ਤਰ੍ਹਾਂ ਦੀ ਘਟਨਾ ਪਹਿਲਾਂ ਕਸ਼ਮੀਰ ਵਿੱਚ ਵੀ ਵਾਪਰੀ ਹੈ।
ਪੁਲਿਸ ਦੇ ਅਨੁਸਾਰ ਅਨੰਤਨਾਗ ਜ਼ਿਲ੍ਹੇ ਦੇ ਸਿਰਹਮਾ ਪਿੰਡ ਵਿੱਚ ਅੱਤਵਾਦੀਆਂ ਨਾਲ ਚੱਲ ਰਹੇ ਮੁਕਾਬਲੇ ਵਿੱਚ ਦੋ ਅੱਤਵਾਦੀ ਮਾਰੇ ਜਾਣ ਤੋਂ ਬਾਅਦ ਫ਼ਾਇਰਿੰਗ ਰੁਕ ਗਈ। ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਉਣ ਤੋਂ ਪਹਿਲਾਂ ਸਥਾਨਕ ਨਾਗਰਿਕ ਮੁਕਾਬਲੇ ਵਾਲੀ ਜਗ੍ਹਾ ਦੇ ਬਹੁਤ ਨੇੜੇ ਚਲੇ ਗਏ। ਨਾਗਰਿਕਾਂ ਨੂੰ ਵੀ ਦੂਰ ਰਹਿਣ ਦੀ ਸਲਾਹ ਦਿੱਤੀ ਗਈ, ਪਰ ਉਨ੍ਹਾਂ ਨੇ ਨਹੀਂ ਸੁਣੀ।
ਜ਼ਖ਼ਮੀ ਨਾਗਰਿਕਾਂ ਦੀ ਪਛਾਣ ਮੁਹੰਮਦ ਯਾਸੀਨ ਰਾਥਰ, ਸ਼ਾਹਿਦ ਯੂਸਫ਼, ਇਰਫ਼ਾਨ ਅਹਿਮਦ ਭੱਟ ਅਤੇ ਮੁਦੱਸਿਰ ਅਹਿਮਦ ਵਜੋਂ ਹੋਈ ਹੈ।